ਜਤਿੰਦਰ ਪੰਮੀ, ਜਲੰਧਰ : ਬਰਲਟਨ ਪਾਰਕ 'ਚ ਚੱਲ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੂਲ ਏ 'ਚੋਂ ਸਭ ਤੋਂ ਵੱਧ 5-5 ਅੰਕ ਲੈਣ ਕਾਰਨ ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਈਆਂ। ਇਸੇ ਤਰ੍ਹਾਂ ਪੂਲ ਬੀ 'ਚੋਂ ਪੰਜਾਬ ਪੁਲਿਸ ਨੇ ਏਅਰ ਇੰਡੀਆ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਮੰਗਲਵਾਰ ਨੂੰ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਪਹਿਲੇ ਮੈਚ 'ਚ ਆਰਮੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ ਇਕ-ਇਕ ਨਾਲ ਬਰਾਬਰ ਰਹੀਆਂ। ਦੂਜੇ ਮੈਚ 'ਚ ਪੰਜਾਬ ਪੁਲਿਸ ਨੇ ਏਅਰ ਇੰਡੀਆ ਨੂੰ 4-2 ਦੇ ਫ਼ਰਕ ਨਾਲ ਹਰਾ ਕੇ ਪੂਲ ਬੀ 'ਚੋਂ ਸੈਮੀਫਾਈਨਲ 'ਚ ਥਾਂ ਪੱਕੀ ਕਰ ਲਈ। ਪੰਜਾਬ ਪੁਲਿਸ ਦੇ ਤਿੰਨ ਮੈਚਾਂ ਤੋਂ ਬਾਅਦ 5 ਅੰਕ ਹਨ।

ਪੂਲ ਏ ਦੇ ਲੀਗ ਮੈਚ 'ਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਜਦਕਿ ਆਰਮੀ ਦੇ ਸੁਖਦੀਪ ਸਿੰਘ ਨੇ ਗੋਲ ਕੀਤੇ। ਪੂਲ ਬੀ ਦੇ ਲੀਗ ਮੈਚ 'ਚ ਪੰਜਾਬ ਪੁਲਿਸ ਦੇ ਪਵਨਦੀਪ ਸਿੰਘ ਨੇ ਸ਼ਾਨਦਾਰ ਢੰਗ ਨਾਲ ਮੈਦਾਨੀ ਗੋਲ ਕਰ ਕੇ ਸਕੋਰ 1-0 ਕੀਤਾ। ਦੂਜੇ ਕੁਆਰਟਰ ਦੌਰਾਨ 25ਵੇਂ ਮਿੰਟ 'ਚ ਏਅਰ ਇੰਡੀਆ ਵੱਲੋਂ ਰਜਿਤ ਮਿੰਜ ਨੇ ਗੋਲ ਕਰ ਕੇ ਬਰਾਬਰੀ ਕੀਤੀ। ਖੇਡ ਦੇ ਦੂਜੇ ਅੱਧ ਦੇ 35ਵੇਂ ਮਿੰਟ ਵਿਚ ਪੰਜਾਬ ਪੁਲਿਸ ਦੇ ਕਰਨਬੀਰ ਸਿੰਘ ਨੇ ਅਤੇ 37ਵੇਂ ਮਿੰਟ 'ਚ ਓਲੰਪੀਅਨ ਗੁਰਬਾਜ ਸਿੰਘ ਨੇ ਗੋਲ ਕਰ ਕੇ ਆਪਣੀ ਟੀਮ ਨੂੰ 3-1 ਨਾਲ ਬੜ੍ਹਤ ਦਿਵਾ ਦਿੱਤੀ। ਮੈਚ ਦੇ 51ਵੇਂ ਮਿੰਟ 'ਚ ਪੁਲਿਸ ਦੇ ਪਵਨਦੀਪ ਸਿੰਘ ਨੇ ਇਕ ਹੋਰ ਗੋਲ ਕਰ ਕੇ ਸਕੋਰ 4-1 ਕਰ ਦਿੱਤਾ। 56ਵੇਂ ਮਿੰਟ 'ਚ ਏਅਰ ਇੰਡੀਆ ਦੇ ਵਿਨੈ ਵੀ ਐੱਸ ਨੇ ਮੈਦਾਨੀ ਗੋਲ ਕਰ ਕੇ ਸਕੋਰ 2-4 ਕਰ ਦਿੱਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾਅ ਨਾ ਸਕਿਆ।

ਅੱਜ ਦੇ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਹਾਕੀ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਓਲੰਪੀਅਨ ਰਾਜਬੀਰ ਕੌਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਹਰਸ਼ਰਨ ਕੌਰ ਹੈਪੀ ਕੌਂਸਲਰ, ਅਰੁਣਾ ਅਰੌੜਾ ਕੌਂਸਲਰ, ਅੰਜਲੀ ਕੌਂਸਲਰ, ਬੀਬੀ ਲਾਡਾ, ਏਆਈਜੀ ਕਰਾਈਮ ਲਖਵਿੰਦਰ ਪਾਲ ਸਿੰਘ ਖਹਿਰਾ, ਡੀਸੀਪੀ ਅਮਰੀਕ ਸਿੰਘ ਪੁਆਰ, ਹਰਪ੍ਰੀਤ ਮੰਡੇਰ ਓਲੰਪੀਅਨ, ਐੱਲਆਰ ਨਈਅਰ, ਰਾਮ ਪ੍ਰਤਾਪ, ਕਿਰਪਾਲ ਸਿੰਘ ਮਠਾਰੂ, ਗੁਰਚਰਨ ਸਿੰਘ ਏਅਰ ਇੰਡੀਆ, ਜਰਨੈਲ ਸਿੰਘ ਕੁਲਾਰ, ਓਲੰਪੀਅਨ ਸੰਜੀਵ ਕੁਮਾਰ, ਚੀਫ ਪੀਆਰਓ ਸੁਰਿੰਦਰ ਸਿੰਘ ਭਾਪਾ, ਪੀਆਰ ਗੁਰਵਿੰਦਰ ਸਿੰਘ ਗੁੱਲੂ, ਓਲੰਪੀਅਨ ਸੁਰਜੀਤ ਸਿੰਘ ਦੇ ਭਰਾ ਬਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।