ਜਤਿੰਦਰ ਪੰਮੀ, ਜਲੰਧਰ : 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਖੇਡੇ ਗਏ ਪਹਿਲੇ ਮੈਚ 'ਚ ਇੰਡੀਅਨ ਆਇਲ ਨੇ ਇੰਡੀਅਨ ਨੇਵੀ ਨੂੰ ਮੈਚ 'ਚ ਉਲਟਫੇਰ ਕਰਦਿਆਂ 3-2 ਨਾਲ ਹਰਾ ਦਿੱਤਾ ਜਦੋਂਕਿ ਦੂਜੇ ਮੈਚ 'ਚ ਪੰਜਾਬ ਪੁਲਿਸ ਤੇ ਪੰਜਾਬ ਐਂਡ ਸਿੰਧ ਬੈਂਕ 1-1 ਨਾਲ ਬਰਾਬਰ ਰਹੇ। ਇਸ ਜਿੱਤ ਨਾਲ ਇੰਡੀਅਨ ਆਇਲ ਦੇ ਟੂਰਨਾਮੈਂਟ 'ਚ ਤਿੰਨ ਅੰਕ ਹੋ ਗਏ ਹਨ ਅਤੇ ਪੰਜਾਬ ਪੁਲਿਸ ਤੇ ਪੰਜਾਬ ਐਂਡ ਸਿੰਧ ਬੈਂਕ ਵਿਚਾਲੇ ਨਿਰਧਾਰਤ ਸਮੇਂ ਤਕ ਮੈਚ ਬਰਾਬਰ ਰਹਿਣ ਕਰ ਕੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ 'ਤੇ ਸਬਰ ਕਰਨਾ ਪਿਆ।

ਅੱਜ ਦਾ ਪਹਿਲਾ ਮੈਚ ਪੂਲ ਏ 'ਚ ਸ਼ਾਮਲ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਇੰਡੀਅਨ ਨੇਵੀ ਵਿਚਾਲੇ ਖੇਡਿਆ ਗਿਆ, ਜੋ ਕਿ ਕਾਫੀ ਦਿਲਚਸਪ ਰਿਹਾ ਹੈ। ਦੋਵਾਂ ਟੀਮਾਂ ਨੇ ਵਧੀਆ ਮੂਵ ਬਣਾਏ ਅਤੇ ਇੰਡੀਅਨ ਨੇਵੀ ਨੇ ਦਬਾਅ ਬਣਾਇਆ ਤੇ ਉਸ ਦੇ ਖ਼ਿਡਾਰੀ ਨਿਤੀਸ਼ ਨੇ ਪਹਿਲੇ ਹਾਫ ਦੇ ਦੂਜੇ ਕੁਆਟਰ 'ਚ 24ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ। ਤੀਜੇ ਕੁਆਰਟਰ ਵਿਚ ਇੰਡੀਅਨ ਨੇਵੀ ਦੇ ਰਾਹ ਬਹਾਰ ਨੇ ਵੀ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਦਾ ਸਕੋਰ 2-0 ਕਰ ਦਿੱਤਾ। 0-2 ਨਾਲ ਪੱਛੜਣ ਤੋਂ ਬਾਅਦ ਇੰਡੀਅਨ ਆਇਲ ਦੀ ਟੀਮ ਨੇ ਆਪਣੀ ਖੇਡ 'ਚ ਤੇਜ਼ੀ ਲਿਆਉਂਦਿਆਂ ਦੋ ਮਿੰਟਾਂ ਦੇ ਅੰਦਰ ਹੀ ਦੋ ਗੋਲ ਕਰ ਕੇ ਆਪਣੀ ਟੀਮ ਨੂੰ 2-2 ਦੀ ਬਰਾਬਰੀ 'ਤੇ ਲੈ ਆਂਦਾ। ਇੰਡੀਅਨ ਆਇਲ ਦੇ ਕੌਮਾਂਤਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਆਪਣੀ ਟੀਮ ਵੱਲੋਂ ਪਹਿਲਾ ਗੋਲ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਕੀਤਾ। ਦੋ ਮਿੰਟ ਬਾਅਦ ਹੀ ਮੈਚ ਦੇ 52ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਕੌਮਾਂਤਰੀ ਖਿਡਾਰੀ ਤਲਵਿੰਦਰ ਸਿੰਘ ਨੇ ਕਾਰਜਵਿੰਦਰ ਸਿੰਘ ਤੋਂ ਮਿਲੇ ਪਾਸ ਨੂੰ ਵਿਰੋਧੀ ਟੀਮ ਦੇ ਗੋਲ ਪੋਸਟ ਵਿਚ ਸੁੱਟ ਕੇ ਮੈਦਾਨੀ ਗੋਲ ਕਰ ਕੇ ਆਪਣੀ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਜਦੋਂ ਮੈਚ ਆਖਰੀ ਪਲਾਂ 'ਚ ਸੀ ਤਾਂ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੋਲ ਕਰ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਮੈਚ ਦੇ ਮੁੱਖ ਮਹਿਮਾਨ ਸਾਬਕਾ ਆਈਆਰਐੱਸ ਐੱਲਆਰ ਨਈਅਰ ਸਨ, ਜਿਨ੍ਹਾਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

ਪੰਜਾਬ ਪੁਲਿਸ ਤੇ ਪੰਜਾਬ ਐਂਡ ਸਿੰਧ ਬੈਂਕ ਰਹੇ ਬਰਾਬਰ

ਪੂਲ ਬੀ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਮੈਚ ਸੰਘਰਸ਼ਪੂਰਨ ਰਿਹਾ। ਖੇਡ ਦੇ ਦੂਜੇ ਅੱਧ ਦੇ 37ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰ ਕੇ ਸਕੋਰ 1-0 ਕੀਤਾ। ਖੇਡ ਦੇ 52ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਗੁਰਵਿੰਦਰ ਸਿੰਘ ਨੇ ਮੈਦਾਨੀ ਗੋਲ ਕਰ ਕੇ ਟੀਮ ਨੂੰ ਬਰਾਬਰੀ 'ਤੇ ਲੈ ਆਂਦਾ। ਦੂਜੇ ਮੈਚ ਵਿਚ ਮੁੱਖ ਮਹਿਮਾਨ ਵਜੋਂ ਪਨਸਪ ਦੇ ਚੇਅਰਮੈਨ ਤਜਿੰਦਰ ਸਿੰਘ ਬਿੱਟੂ, ਹਰਸਿਮਰਤ ਸਿੰਘ ਬੰਟੀ ਡਿਪਟੀ ਮੇਅਰ, ਸੁਖਦੇਵ ਸਿੰਘ ਜਲੰਧਰ ਹਾਈਟਸ ਐੱਮਡੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

ਇਸ ਸਮੇਂ ਇਕਬਾਲ ਸਿੰਘ ਸੰਧੂ, ਹਰਪ੍ਰੀਤ ਮੰਡੇਰ ਓਲੰਪੀਅਨ, ਪ੍ਰਵੀਨ ਗੁਪਤਾ, ਰਣਬੀਰ ਰਾਣਾ, ਤਰਸੇਮ ਪੁਆਰ, ਇਕਬਾਲ ਢਿੱਲੋਂ, ਤਰਲੋਕ ਸਿੰਘ ਭੁੱਲਰ, ਹਰਦੀਪਕ ਸਿੰਘ, ਲਲਿਤ ਸ਼ਰਮਾ ਡੀਜੀਐੱਮ ਪੰਜਾਬ ਐਂਡ ਸਿੰਧ ਬੈਂਕ, ਸੰਨੀ ਯੂਕੇ, ਲਖਵਿੰਦਰਪਾਲ ਸਿੰਘ ਖਹਿਰਾ, ਕੁਲਜੀਤ ਸਿੰਘ, ਜੋਗਿੰਦਰ ਸਿੰਘ ਬਿਲਡਰ, ਸੁਸਾਇਟੀ ਦੇ ਚੀਫ ਪੀਆਰਓ ਸੁਰਿੰਦਰ ਸਿੰਘ ਭਾਪਾ, ਰਾਮ ਕੁਮਾਰ, ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਨਰਿੰਦਰਪਾਲ ਸਿੰਘ ਜੱਜ, ਐੱਨਕੇ ਅਗਰਵਾਲ, ਤਰਲੋਕ ਸਿੰਘ ਭੁੱਲਰ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕਿ੍ਪਾਲ ਸਿੰਘ ਮਠਾਰੂ, ਐੱਚਐੱਸ ਸੰਘਾ ਅਤੇ ਹੋਰ ਹਾਜ਼ਰ ਸਨ।

ਅੱਜ ਦੇ ਮੈਚ

ਭਾਰਤੀ ਨੇਵੀ ਮੁੰਬਈ ਬਨਾਮ ਆਰਮੀ ਇਲੈਵਨ : 4.30 ਵਜੇ

ਪੰਜਾਬ ਪੁਲਿਸ ਬਨਾਮ ਏਅਰ ਇੰਡੀਆ ਮੁੰਬਈ : 5.45 ਵਜੇ