ਨਵੀਂ ਦਿੱਲੀ (ਪੀਟੀਆਈ) : ਭਾਰਤੀ ਕਪਤਾਨ ਸੁਨੀਲ ਛੇਤਰੀ ਫੀਫਾ ਵੱਲੋਂ ਕੋਰੋਨਾ ਮਹਾਮਾਰੀ ਖ਼ਿਲਾਫ਼ ਚਲਾਈ ਜਾਣ ਵਾਲੀ ਮੁਹਿੰਮ ਵਿਚ ਸ਼ਾਮਲ 28 ਮੌਜੂਦਾ ਤੇ ਸਾਬਕਾ ਫੁੱਟਬਾਲ ਸਿਤਾਰਿਆਂ ਵਿਚੋਂ ਇਕ ਹੋਣਗੇ। ਫੀਫਾ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਸੁਪਰ ਸਟਾਰ ਫੁੱਟਬਾਲਰ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਪੰਜ ਕਦਮ ਉਠਾਉਣ ਦੀ ਬੇਨਤੀ ਕਰ ਰਹੇ ਹਨ। ਪਾਸ ਦ ਮੈਸਜ ਟੂ ਕਿੱਕ ਆਊਟ ਕੋਰੋਨਾ ਵਾਇਰਸ ਮੁਹਿੰਮ ਵਿਚ ਲੋਕਾਂ ਨੂੰ ਹੱਥ ਧੋਣ, ਖੰਘਦੇ ਸਮੇਂ ਮੂੰਹ 'ਤੇ ਕੱਪੜਾ ਰੱਖਣ, ਚਿਹਰਾ ਨਾ ਛੂਹਣ, ਸਰੀਰਕ ਦੂਰੀ ਬਣਾਈ ਰੱਖਣ ਤੇ ਘਰਾਂ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਮੁਹਿੰਮ ਵਿਚ ਛੇਤਰੀ ਤੋਂ ਇਲਾਵਾ ਲਿਓਨ ਮੈਸੀ, ਵਿਸ਼ਵ ਕੱਪ ਜੇਤੂ ਫਲਿਪ ਲਾਮ, ਇਕੇਰ ਸੇਸੀਲਾਸ ਤੇ ਕਾਰਲੇਸ ਪੁਓਲ ਸ਼ਾਮਲ ਹਨ। ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਟੀਮ ਵਜੋਂ ਕੰਮ ਕਰਨਾ ਪਵੇਗਾ। ਫੀਫਾ ਨੇ ਡਬਲਯੂਐੱਚਓ ਨਾਲ ਮਿਲ ਕੇ ਇਹ ਕੋਸ਼ਿਸ਼ ਕੀਤੀ ਹੈ। ਮੈਂ ਪੂਰੀ ਦੁਨੀਆ ਦੇ ਫੁੱਟਬਾਲਰਾਂ ਨੂੰ ਇਸ ਸੁਨੇਹੇ ਨੂੰ ਅੱਗੇ ਵਧਾਉਣ ਦੀ ਬੇਨਤੀ ਕਰਦਾ ਹਾਂ।