ਟੋਕੀਓ (ਏਪੀ) : ਜਾਪਾਨ 'ਚ ਸੂਮੋ ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗਣ ਤੋਂ ਇਕ ਮਹੀਨੇ ਬਾਅਦ 28 ਸਾਲਾ ਭਲਵਾਨ ਹਿਬਿਕਿਰੋਯੂ ਦੀ ਮੌਤ ਹੋ ਗਈ। ਜਾਪਾਨ ਸੂਮੋ ਸੰਘ ਨੇ ਦੱਸਿਆ ਕਿ ਹਿਬਿਕਿਰੋਯੂ ਦੀ ਮੌਤ ਸਾਹ ਲੈਣ ਵਿਚ ਪਰੇਸ਼ਾਨੀ ਨਾਲ ਹੋਈ। ਇਸ ਘਟਨਾ ਤੋਂ ਬਾਅਦ ਜਾਪਾਨ ਵਿਚ ਖੇਡ ਦੌਰਾਨ ਐਮਰਜੈਂਸੀ ਮੈਡੀਕਲ ਕੇਅਰ 'ਤੇ ਸਵਾਲ ਉੱਠਣ ਲੱਗੇ ਹਨ। ਹਿਬਿਕਿਰੋਯੂ ਦਾ ਅਸਲੀ ਨਾਂ ਮਿਤਸੁਕੀ ਅਮਾਨੋ ਸੀ। ਇਕ ਟੂਰਨਾਮੈਂਟ ਵਿਚ 26 ਮਾਰਚ ਨੂੰ ਬਾਊਟ (ਕੁਸ਼ਤੀ) ਦੌਰਾਨ ਵਿਰੋਧੀ ਭਲਵਾਨ ਨੇ ਉਨ੍ਹਾਂ ਨੂੰ ਸਿਰ ਦੇ ਭਾਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਉਹ ਕੁਝ ਮਿੰਟਾਂ ਤਕ ਬੇਹੋਸ਼ ਰਹੇ। ਸੂਮੋ ਅਧਿਕਾਰੀਆਂ ਨੇ ਥੋੜ੍ਹੀ ਉਡੀਕ ਕਰਨ ਤੋਂ ਬਾਅਦ ਡਾਕਟਰਾਂ ਨੂੰ ਬੁਲਾਇਆ। ਸਟ੍ਰੈਚਰ 'ਤੇ ਲਿਜਾਂਦੇ ਸਮੇਂ ਉਹ ਹੋਸ਼ ਵਿਚ ਆ ਗਏ ਸਨ। ਇਸ ਭਲਵਾਨ ਨੇ ਸੂਮੋ ਅਧਿਕਾਰੀਆਂ ਨੂੰ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਉਸ ਦਾ ਹੇਠਲਾ ਸਰੀਰ ਲਕਵਾ ਮਾਰ ਗਿਆ ਹੈ। ਜਾਪਾਨੀ ਮੀਡੀਆ ਮੁਤਾਬਕ ਘਟਨਾ ਤੋਂ ਬਾਅਦ ਸੂਮੋ ਭਲਵਾਨ ਨੂੰ ਮੁੱਢਲਾ ਇਲਾਜ ਦੇਣ ਲਈ ਉਥੇ ਕੋਈ ਡਾਕਟਰ ਮੌਜੂਦ ਨਹੀਂ ਸੀ।