ਲਖਨਊ (ਜੇਐੱਨਐੱਨ) : ਉੱਤਰ ਪ੍ਰਦੇਸ਼ ਦੀ ਸਟਾਰ ਮਹਿਲਾ ਅਥਲੀਟ ਤੇ ਏਸ਼ੀਅਨ ਖੇਡਾਂ ਦੀ ਚੈਂਪੀਅਨ ਸੁਧਾ ਸਿੰਘ ਨੇ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਾ ਕਰਫਿਊ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਜਾਗਰਣ ਨਾਲ ਖ਼ਾਸ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਰੁਕ ਗਈ ਹੈ। ਮੈਨੂੰ ਲਗਦਾ ਹੈ ਕਿ ਇਹ ਸਮਾਂ ਸਾਡੇ ਸਾਰਿਆਂ ਲਈ ਕਾਫੀ ਮੁਸ਼ਕਲ ਹੈ। ਅਜਿਹੀ ਸਥਿਤੀ ਵਿਚ ਸਾਰਿਆਂ ਨੂੰ ਇਕਜੁਟਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਛੋਟੀ ਜਿਹੀ ਲਾਪਰਵਾਹੀ ਸਾਰਿਆਂ 'ਤੇ ਭਾਰੀ ਪੈ ਸਕਦੀ ਹੈ। ਇਸ ਦਿੱਗਜ ਅਥਲੀਟ ਨੇ ਸਲਾਹ ਦਿੱਤੀ ਕਿ ਸਿਰਫ਼ 22 ਮਾਰਚ ਹੀ ਨਹੀਂ ਬਲਕਿ ਬਲਕਿ ਇਸ ਤੋਂ ਅੱਗੇ ਵੀ ਜਦ ਤਕ ਖ਼ਤਰਨਾਕ ਕੋਰੋਨਾ ਦਾ ਅਸਰ ਸਮਾਪਤ ਨਹੀਂ ਹੋ ਜਾਂਦਾ, ਇਸ ਨੂੰ ਹਰਾਉਣ ਲਈ ਸਭ ਨੂੰ ਇਸ ਤਰ੍ਹਾਂ ਦੀ ਅਹਿਤਿਆਤ ਵਰਤਣ ਦੀ ਲੋੜ ਹੈ। ਕੋਈ ਵੀ ਲੱਛਣ ਦਿਖਾਈ ਦੇਣ 'ਤੇ ਇਸ ਨੂੰ ਲੁਕਾਉਣ ਦੀ ਲੋੜ ਨਹੀਂ ਬਲਕਿ ਡਾਕਟਰਾਂ ਨੂੰ ਇਸ ਦੀ ਜਾਣਕਾਰੀ ਦਿਓ ਤੇ ਇਸ ਮੁਸ਼ਕਲ ਤੋਂ ਖ਼ੁਦ ਵੀ ਬਚੋ। ਬਾਕੀ ਲੋਕਾਂ ਨੂੰ ਵੀ ਬਚਾਓ।