ਮੈਲਬੌਰਨ (ਰਾਇਟਰ) : ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਆਰਥੋਡਾਕਸ ਕ੍ਰਿਸਮਸ ਆਸਟ੍ਰੇਲਿਆਈ ਇੰਮੀਗ੍ਰੇਸ਼ਨ ਸੈਂਟਰ ਦੇ ਹੋਟਲ ਵਿਚ ਮਨਾਈ। ਉਨ੍ਹਾਂ ਦੇ ਵਕੀਲ ਜਲਾਵਤਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿਚ ਰੁੱਝੇ ਹਨ ਜਿਸ ਨਾਲ ਉਨ੍ਹਾਂ ਦੀ 21ਵੇਂ ਗਰੈਂਡ ਸਲੈਮ ਦੀ ਮੁਹਿੰਮ 'ਤੇ ਕੋਈ ਅਸਰ ਨਾ ਪਵੇ। ਇਕ ਪਾਸੇ ਜਿੱਥੇ ਜੋਕੋਵਿਕ ਦਾ ਮਾਮਲਾ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਖਿਡਾਰੀ ਜੋ ਆਸਟ੍ਰੇਲੀਆ ਵਿਚ ਆਏ ਹਨ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੀ ਛੋਟ ਦਿੱਤੀ ਗਈ ਸੀ। ਏਬੀਸੀ ਨਿਊਜ਼ ਰਿਪੋਰਟ ਮੁਤਾਬਕ ਆਸਟ੍ਰੇਲਿਆਈ ਬਾਰਡਰ ਫੋਰਸ ਨੇ ਚੈੱਕ ਗਣਰਾਜ ਦੀ ਮਹਿਲਾ ਟੈਨਿਸ ਖਿਡਾਰਨ ਰੇਨਾਟਾ ਵੋਰਾਕੋਵਾ ਦਾ ਵੀਜ਼ਾ ਰੱਦ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਉਸੇ ਹੋਟਲ ਵਿਚ ਰੱਖਿਆ ਗਿਆ ਹੈ ਜਿੱਥੇ ਜੋਕੋਵਿਕ ਰਹਿ ਰਹੇ ਹਨ। ਚੈੱਕ ਗਣਰਾਜ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਰੇਨਾਟਾ ਨੇ ਟ੍ਰੇਨਿੰਗ ਦੀ ਸੀਮਤ ਸੰਭਾਵਨਾਵਾਂ ਨੂੰ ਦੇਖਦੇ ਹੋਏ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।

ਜੋਕੋਵਿਕ ਨੂੰ ਸਖ਼ਤ ਕੋਰੋਨਾ ਟੀਕਾਕਾਰਨ ਨਿਯਮਾਂ ਵਿਚ ਮੈਡੀਕਲ ਛੋਟ ਲਈ ਜ਼ਰੂਰੀ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਆਸਟ੍ਰੇਲੀਆ ਵਿਚ ਪ੍ਰਵੇਸ਼ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ। ਜੋਕੋਵਿਕ ਦੇ ਵਕੀਲ ਅਦਾਲਤ ਵਿਚ ਸੁਣਵਾਈ ਤਕ ਜੋਕੋਵਿਕ ਨੂੰ ਆਸਟ੍ਰੇਲੀਆ ਵਿਚ ਹੀ ਰੋਕਣ ਵਿਚ ਕਾਮਯਾਬ ਰਹੇ ਹਨ। ਸੁਣਵਾਈ ਵਿਚ ਜੋਕੋਵਿਕ ਨੂੰ ਮਿਲੀ ਛੋਟ ਬਾਰੇ ਜਾਣਕਾਰੀ ਸਾਹਮਣੇ ਆਵੇਗੀ ਤੇ ਇਸ ਗੱਲ ਦਾ ਪਤਾ ਵੀ ਲੱਗੇਗਾ ਕਿ ਉਨ੍ਹਾਂ ਨੇ ਬਾਰਡਰ 'ਤੇ ਆਪਣੇ ਸਮਰਥਨ ਵਿਚ ਕਿਹੜੇ ਦਸਤਾਵੇਜ਼ ਦਿੱਤੇ ਸਨ। ਜੋਕੋਵਿਕ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ਕਿ ਉਹ ਆਸਟ੍ਰੇਲੀਅਨ ਓਪਨ ਵਿਚ ਖੇਡ ਸਕਣਗੇ ਜਾਂ ਨਹੀਂ। ਅਦਾਲਤ ਇਸ ਮਾਮਲੇ ਵਿਚ ਸੋਮਵਾਰ ਨੂੰ ਸੁਣਵਾਈ ਕਰੇਗੀ ਜਿਸ ਤੋਂ ਠੀਕ ਇਕ ਹਫ਼ਤੇ ਬਾਅਦ ਇਹ ਟੂਰਨਾਮੈਂਟ ਸ਼ੁਰੂ ਹੋਵੇਗਾ। ਇਸ ਵਿਚਾਲੇ ਸਰਬੀਆ ਨੇ ਆਸਟ੍ਰੇਲੀਆ ਤੋਂ ਜੋਕੋਵਿਕ ਦੇ ਨਾਲ ਅਪਰਾਧੀ ਵਾਂਗ ਵਤੀਰੇ ਨੂੰ ਰੋਕਣ ਦੀ ਮੰਗ ਕੀਤੀ ਹੈ। ਸਰਬੀਆ ਦੇ ਵਿਦੇਸ਼ ਮੰਤਰੀ ਨੇਮਾਂਜਾ ਸਟਾਰੋਵਿਕ ਨੇ ਮੰਗ ਕੀਤੀ ਹੈ ਕਿ ਜੋਕੋਵਿਕ ਨੂੰ ਇੰਮੀਗ੍ਰੇਸ਼ਨ ਕੇਂਦਰ ਤੋਂ ਹਟਾ ਕੇ ਕਿਸੇ ਚੰਗੇ ਹੋਟਲ ਵਿਚ ਰੱਖਿਆ ਜਾਵੇ ਹਾਲਾਂਕਿ ਆਸਟ੍ਰੇਲਿਆਈ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਗ੍ਹਿ ਮੰਤਰੀ ਕਾਰੇਨ ਏਂਡਿ੍ਊਜ ਨੇ ਕਿਹਾ ਕਿ ਜੋਕੋਵਿਕ ਕਿਸੇ ਵੀ ਸਮੇਂ ਜਾਣ ਲਈ ਆਜ਼ਾਦ ਹਨ। ਟੀਕਾਕਰਨ ਨੂੰ ਲੈ ਕੇ ਜੋਕੋਵਿਕ ਦੀ ਰਾਇ ਦਾ ਵਿਰੋਧ ਕਰਨ ਵਾਲੇ ਆਸਟ੍ਰੇਲਿਆਈ ਖਿਡਾਰੀ ਨਿਕ ਕਿਰਗਿਓਸ ਨੇ ਕਿਹਾ ਹੈ ਕਿ ਮੈਂ ਦੂਜਿਆਂ ਲਈ ਟੀਕਾ ਲਗਵਾਇਆ। ਆਪਣੀ ਮਾਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਟੀਕਾ ਲਗਵਾਇਆ। ਮੈਂ ਮੰਨਦਾ ਹਾਂ ਕਿ ਕਾਰਵਾਈ ਕਰਨੀ ਚਾਹੀਦੀ ਹੈ ਪਰ ਜਿਸ ਤਰ੍ਹਾਂ ਜੋਕੋਵਿਕ ਨਾਲ ਕੀਤਾ ਜਾ ਰਿਹਾ ਹੈ, ਇਹ ਬਹੁਤ ਬੁਰਾ ਹੈ। ਉਹ ਮਹਾਨ ਚੈਂਪੀਅਨਾਂ ਵਿਚੋਂ ਇਕ ਹਨ ਪਰ ਹਨ ਤਾਂ ਇਨਸਾਨ ਹੀ।

ਨੋਵਾਕ ਦੇ ਸਮਰਥਨ 'ਚ ਕੀਤਾ ਪ੍ਰਦਰਸ਼ਨ :

ਜੋਕੋਵਿਕ ਦਾ ਸਮਰਥਨ ਕਰ ਰਹੇ ਟੈਨਿਸ ਪ੍ਰਰੇਮੀਆਂ ਦੇ ਇਕ ਛੋਟੇ ਸਮੂਹ ਨੇ ਉਸ ਹੋਟਲ ਦੇ ਬਾਹਰ ਝੰਡੇ ਤੇ ਬੈਨਰ ਲੈ ਕੇ ਪ੍ਰਦਰਸ਼ਨ ਕੀਤਾ ਜਿੱਥੇ ਸ਼ੁੱਕਰਵਾਰ ਨੂੰ 20 ਵਾਰ ਦੇ ਗਰੈਂਡ ਸਲੈਮ ਜੇਤੂ ਖਿਡਾਰੀ ਨੂੰ ਰੱਖਿਆ ਗਿਆ ਹੈ। ਇਸ ਵਿਚਾਲੇ ਜੇਲੇਨਾ ਜੋਕੋਵਿਕ ਨੇ ਆਪਣੀ ਪਤੀ ਦੇ ਸਮਰਥਕਾਂ ਨੂੰ ਇੰਟਰਨੈੱਟ ਮੀਡੀਆ 'ਤੇ ਧੰਵਨਾਦ ਦਿੱਤਾ।