ਜਤਿੰਦਰ ਪੰਮੀ, ਜਲੰਧਰ : ਸਪੋਰਟਸ ਅਥਾਰਿਟੀ ਆਫ ਇੰਡੀਆ ਦੀ ਛੇ ਮੈਂਬਰੀ ਕਮੇਟੀ ਨੇ 45 ਪੰਨਿਆਂ ਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ( ਐੱਸਓਪੀ) ਦੇਸ਼ ਦੇ ਖਿਡਾਰੀਆਂ ਲਈ ਤਿਆਰ ਕੀਤਾ ਹੈ। ਇਹ ਐੱਸਓਪੀ ਦੇੇਸ਼ ਦੇ ਖਿਡਾਰੀਆਂ ਦੇ ਨਾਲ ਕੋਚਿੰਗ ਸਟਾਫ ਤੇ ਹੋਰ ਸਹਿਯੋਗੀ ਸਟਾਫ, ਹੋਸਟਲ ਦੇ ਕਰਮਚਾਰੀਆਂ 'ਤੇ ਵੀ ਲਾਗੂ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸਾਈ ਨਾਰਥ ਜ਼ੋਨ ਦੇ ਡਿਪਟੀ ਡਾਇਰੈਕਟਰ ਪੀਕੇ ਮੱਟੂ ਨੇ ਦੱਸਿਆ ਕਿ ਇਸ ਨੂੰ ਖਿਡਾਰੀਆਂ ਲਈ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਚ ਹਰ ਇਕ ਖਿਡਾਰੀ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਪਵੇਗਾ ਤੇ ਜਿੰਮ ਨੂੰ ਵੀ ਸ਼ਿਫਟ ਦੇ ਵਿਚ ਇਸਤੇਮਾਲ ਕਰਨਾ ਪਵੇਗਾ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਵੀ ਕੀਤਾ ਜਾਵੇਗਾ। ਸਥਾਨਕ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਖਿਡਾਰੀਆਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ। ਇਸ ਐੱਸਓਪੀ ਨਾਲ ਦੇੇਸ਼ ਦੇ ਵਿਚ ਖੇਡ ਗਤੀਵਿਧੀਆ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵਿਚ ਖੇਡਾਂ ਨੂੰ ਚਾਰ ਹਿੱਸਿਆਂ ਕੰਨਟੈਕਟ ਸਪੋਰਟਸ, ਮੀਡੀਅਮ ਕੰਨਟੈਕਟ ਸਪੋਰਟਸ, ਫੁੱਲ ਕੰਨਟੈਕਟ ਤੇ ਵਾਟਰ ਸਪੋਰਟਸ ਵਿਚ ਵੰਡਿਆ ਗਿਆ ਹੈ। ਇਸ ਵਿਚ ਹਰ ਖੇਡ ਦੀ ਵੱਖਰੀ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਤੇ ਫਿਲਹਾਲ ਕੁਸ਼ਤੀ, ਬਾਕਸਿੰਗ ਵਰਗੀਆਂ ਖੇਡਾਂ ਦੇ ਖਿਡਾਰੀ ਇਕ ਦੂਜੇ ਨਾਲ ਪ੍ਰੈਕਟਿਸ ਨਹੀਂ ਕਰਨਗੇ। ਹਾਕੀ ਵਿਚ ਖਿਡਾਰੀ ਆਪਣੀ ਸਟਿੱਕ ਨੂੰ ਇਸਤੇਮਾਲ ਕਰ ਸਕਣਗੇ ਤੇ ਸਮਾਜਿਕ ਦੂਰੀ ਦਾ ਇਸਤੇਮਾਲ ਵੀ ਕਰਨਗੇ ਤੇ ਸਿਰਫ 12 ਖਿਡਾਰੀ ਹੀ ਇਕ ਵੇਲੇ ਪ੍ਰੈਕਟਿਸ ਕਰ ਸਕਣਗੇ। ਟਰਫ 'ਤੇ ਲੇਟ ਕੇ ਜਾਂ ਬੈਠ ਕੇ ਕਸਰਤ ਕਰਨ ਦੀ ਮਨਾਹੀ ਹੋਵੇਗੀ। ਵੇਟਲਿਫਟਿੰਗ ਵਿਚ ਇਕ ਪਲੇਟਫਾਰਮ ਤੋਂ ਦੂਜੇ ਦੀ ਦੂਰੀ ਦੋ ਮੀਟਰ ਹੋਵੇਗੀ ਤੇ ਟ੍ਰੇਨਿੰਗ ਸਾਮਾਨ ਦਾ ਖਿਡਾਰੀ ਇਸਤੇਮਾਲ ਕਰ ਸਕਣਗੇ। ਬੈਡਮਿੰਟਨ ਵਿਚ ਇਕੋ ਵੇਲੇ ਦੋ ਖਿਡਾਰੀ ਤੇ ਕੋਚ ਮੌਜੂਦ ਰਹਿਣਗੇ। ਖਿਡਾਰੀ ਆਪਣੇ ਰੈਕਟ ਦਾ ਇਸਤੇਮਾਲ ਕਰ ਸਕਣਗੇ। ਆਰਚਰੀ ਵਿਚ ਖਿਡਾਰੀ ਆਪਣਾ ਨਿੱਜੀ ਸਾਮਾਨ ਹੀ ਇਸਤੇਮਾਲ ਕਰ ਸਕਣਗੇ।

ਫੈਂਸਿੰਗ 'ਚ ਜੋੜੀਦਾਰ ਨਾਲ ਅਭਿਆਸ ਦੀ ਇਜਾਜ਼ਤ ਨਹੀਂ :

ਬਾਕਸਿੰਗ ਵਿਚ ਸਕਿੱਲ ਟ੍ਰੇਨਿੰਗ ਦੌਰਾਨ ਦੋ ਮੀਟਰ ਦੀ ਦੂਰੀ ਜ਼ਰੂਰੀ ਹੋਵੇਗੀ ਤੇ ਖਿਡਾਰੀ ਆਪਣੇ ਬੈਗ ਤੇ ਗਲੱਬਜ਼ ਦਾ ਇਸਤੇਮਾਲ ਕਰ ਸਕਣਗੇ। ਫੈਂਸਿੰਗ ਵਿਚ ਖਿਡਾਰੀ ਜੋੜੀਦਾਰ ਨਾਲ ਪ੍ਰੈਕਟਿਸ ਨਹੀ ਕਰ ਸਕਣਗੇ ਤੇ ਉਹ ਡੱਮੀ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਖਿਡਾਰੀ ਛੋਟੇ ਗਰੁੱਪਾਂ ਵਿਚ ਪ੍ਰੈਕਟਿਸ ਕਰ ਸਕਣਗੇ। ਕੋਰੋਨਾ ਟੈਸਟ ਨੈਗਟਿਵ ਆਉਣ ਤਕ ਖਿਡਾਰੀ ਕੁਆਰੰਟਾਈਨ 'ਚ ਰਹੇਗਾ ਤੇ ਖਿਡਾਰੀ ਨੂੰ ਫਾਈਨਲ ਮਨਜ਼ੂਰੀ ਸਾਈ ਦੇ ਡਾਕਟਰਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਕ ਹਾਈਜੈਨਿਕ ਅਫਸਰ ਵੀ ਨਿਯੁਕਤ ਕੀਤਾ ਜਾਵੇਗਾ ਤੇ ਖਿਡਾਰੀਆਂ ਲਈ ਕੋਵਿਡ ਟਾਸਕ ਫੋਰਸ ਵੀ ਬਣਾਈ ਜਾਵੇਗੀ।