ਨਵੀਂ ਦਿੱਲੀ (ਪੀਟੀਆਈ) : ਸਰਬ ਭਾਰਤੀ ਟੈਨਿਸ ਸੰਘ (ਏਆਈਟੀਏ) ਦੇ ਜਨਰਲ ਸਕੱਤਰ ਅਨਿਲ ਧੂਪਰ ਨਾਲ ਗੱਲਬਾਤ ਨੂੰ ਜਨਤਕ ਕਰਨ ਦੇ ਰੋਹਨ ਬੋਪੰਨਾ ਦੇ ਮਾਮਲੇ ਨੂੰ ਏਆਈਟੀਏ ਦੀ ਅਨੁਸ਼ਾਸਨੀ ਤੇ ਪ੍ਰਬੰਧਕੀ ਕਮੇਟੀ ਕੋਲ ਭੇਜਿਆ ਜਾਵੇਗਾ। ਏਆਈਟੀਏ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਏਆਈਟੀਏ ਨੇ ਨਾਲ ਹੀ ਟੋਕੀਓ ਓਲੰਪਿਕ ਵਿਚ ਭਾਰਤੀ ਮਰਦ ਡਬਲਜ਼ ਟੀਮ ਦੇ ਕੁਆਲੀਫਿਕੇਸ਼ਨ ਨੂੰ ਲੈ ਕੇ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈਟੀਐੱਫ) ਦੇ ਨਾਲ ਆਪਣਾ ਪੂਰਾ ਸੰਵਾਦ ਜਾਰੀ ਕੀਤਾ। ਬੋਪੰਨਾ ਤੇ ਸਾਨੀਆ ਮਿਰਜ਼ਾ ਦੀਆਂ ਟਿੱਪਣੀਆਂ ਨਾਲ ਬਣੀ ਨਕਾਰਾਤਮਕ ਧਾਰਨਾ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਏਆਈਟੀਏ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ 28 ਜੂਨ ਤੋਂ 16 ਜੁਲਾਈ ਵਿਚਾਲੇ ਖੇਡਾਂ ਵਿਚ ਪ੍ਰਵੇਸ਼ ਨੂੰ ਲੈ ਕੇ ਬੋਪੰਨਾ ਤੇ ਦਿਵਿਜ ਸ਼ਰਨ ਦਾ ਮਾਮਲਾ ਚੁੱਕਿਆ। ਈ-ਮੇਲ ਰਾਹੀਂ ਜਾਣਕਾਰੀ ਮਿਲੀ ਕਿ ਦੋ ਜੁਲਾਈ ਨੂੰ ਏਆਈਟੀਏ ਨੇ ਆਈਟੀਐੱਫ ਤੋਂ ਸਪੱਸ਼ਟੀਕਰਨ ਮੰਗਿਆ ਕਿ ਵਿਸ਼ਵ ਪੱਧਰੀ ਸੰਸਥਾ ਨੇ ਕਿਵੇਂ ਅਮਰੀਕਾ (ਸੰਯੁਕਤ ਰੈਂਕਿੰਗ 118) ਸਪੇਨ (ਸੰਯੁਕਤ ਰੈਂਕਿੰਗ 170) ਤੇ ਪੁਰਤਗਾਲ (ਸੰਯੁਕਤ ਰੈਂਕਿੰਗ 204) ਨੂੰ ਮਰਦ ਡਬਲਜ਼ ਵਿਚ ਥਾਂ ਦਿੱਤੀ ਜਦਕਿ ਉਨ੍ਹਾਂ ਦੀ ਸਾਂਝੀ ਰੈਂਕਿੰਗ ਬੋਪੰਨਾ ਤੇ ਦਿਵਿਜ ਦੀ 113 ਦੀ ਸੰਯੁਕਤ ਰੈਂਕਿੰਗ ਤੋਂ ਘੱਟ ਸੀ। ਇਕ ਹੋਰ ਈ-ਮੇਲ ਵਿਚ ਏਆਈਟੀਏ ਨੇ ਆਈਟੀਐੱਫ ਨੂੰ ਅਪੀਲ ਕੀਤੀ ਕਿ ਟੋਕੀਓ ਖੇਡਾਂ ਵਿਚ ਪ੍ਰਵੇਸ਼ ਲਈ ਬੋਪੰਨਾ ਤੇ ਦਿਵਿਜ ਦੀ 2018 ਏਸ਼ਿਆਈ ਖੇਡਾਂ ਦੀ ਉਪਲਬੱਧੀ 'ਤੇ ਗ਼ੌਰ ਕੀਤਾ ਜਾਵੇ।

ਏਆਈਟੀਏ ਨੇ ਈ-ਮੇਲ ਬੋਪੰਨਾ ਦੇ ਉਸ ਟਵੀਟ ਤੋਂ ਬਾਅਦ ਜਨਤਕ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ। ਇਸ ਵੀਡੀਓ ਰਿਕਾਰਡਿੰਗ ਵਿਚ ਧੂਪਰ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਆਈਟੀਐੱਫ ਨੇ ਮਰਦ ਡਬਲਜ਼ ਵਿਚ ਬੋਪੰਨਾ ਤੇ ਸੁਮਿਤ ਨਾਗਲ ਦੇ ਪ੍ਰਵੇਸ਼ ਨੂੰ ਸਵੀਕਾਰ ਕਰ ਲਿਆ ਹੈ। ਧੂਪਰ ਨੂੰ ਕਹਿੰਦੇ ਹੋਏ ਸੁਣਿਆ ਗਿਆ ਕਿ ਸ਼ਾਇਦ ਕੱਲ੍ਹ ਸਾਨੂੰ ਚੰਗੀ ਖ਼ਬਰ ਮਿਲ ਜਾਵੇ। ਬੋਪੰਨਾ ਦਾ ਕਹਿਣਾ ਹੈ ਕਿ ਆਖ਼ਰ ਏਆਟੀਏ ਨੇ ਉਨ੍ਹਾਂ ਨੂੰ ਕੁਆਲੀਫਿਕੇਸ਼ਨ ਦੀ ਝੂਠੀ ਉਮੀਦ ਕਿਉਂ ਦਿੱਤੀ। ਧੂਪਰ ਨੇ ਕਿਹਾ ਕਿ ਫੋਨ ਕਾਲ ਨੂੰ ਰਿਕਾਰਡ ਕਰਨ ਤੇ ਜਨਤਕ ਕਰਨ ਦੇ ਕਦਮ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।