ਰੋਮ (ਆਈਏਐੱਨਐੱਸ) : ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਸਟੇਨ ਵਾਵਰਿੰਕਾ ਇੱਥੇ ਜਾਰੀ ਇਟਾਲੀਅਨ ਓਪਨ ਦੇ ਪਹਿਲੇ ਹੀ ਗੇੜ ਵਿਚ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਵਾਵਰਿੰਕਾ ਨੂੰ 18 ਸਾਲ ਦੇ ਨੌਜਵਾਨ ਖਿਡਾਰੀ ਲਾਰੇਂਜੋ ਮੁਸੇਟੀ ਹੱਥੋਂ ਹਾਰ ਸਹਿਣੀ ਪਈ। ਮੁਸੇਟੀ ਨੇ ਵਾਵਰਿੰਕਾ ਨੂੰ 6-0, 7-6 ਨਾਲ ਮਾਤ ਦੇ ਕੇ ਆਪਣੇ ਕਰੀਅਰ ਵਿਚ ਪਹਿਲੀ ਏਟੀਪੀ ਟੂਰ ਜਿੱਤ ਦਰਜ ਕੀਤੀ ਤੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਮੁਸੇਟੀ ਨੇ ਇਹ ਮੁਕਾਬਲਾ ਇਕ ਘੰਟੇ ਤੇ 24 ਮਿੰਟ ਵਿਚ ਆਪਣੇ ਨਾਂ ਕੀਤਾ। ਦੂਜੇ ਗੇੜ ਵਿਚ ਮੁਸੇਟੀ ਦਾ ਸਾਹਮਣਾ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਹੋਵੇਗਾ ਜਿਨ੍ਹਾਂ ਨੇ ਸਪੈਨਿਸ਼ ਖਿਡਾਰੀ ਏਲਬਟੇ ਰਾਮੋਸ ਵਿਨੋਲਾਸ ਨੂੰ 6-4, 7-6 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਮਹਿਲਾਵਾਂ ਦੇ ਮੈਚ ਵਿਚ ਅਮਰੀਕੀ ਖਿਡਾਰਨ ਕੋਕੋ ਗਾਫ ਨੇ ਟੂਰਨਾਮੈਂਟ ਵਿਚ ਜਿੱਤ ਨਾਲ ਆਗਾਜ਼ ਕੀਤਾ। 16 ਸਾਲ ਦੀ ਇਸ ਖਿਡਾਰਨ ਨੇ ਪਹਿਲੇ ਗੇੜ ਦੇ ਮੈਚ ਵਿਚ ਟਿਊਨੀਸ਼ੀਆ ਦੀ ਓਂਸ ਜਿਬਓਰ ਨੂੰ ਸਿੱਧੇ ਸੈੱਟਾਂ ਵਿਚ 6-4, 6-3 ਨਾਲ ਮਾਤ ਦਿੱਤੀ। ਇਹ ਉਨ੍ਹਾਂ ਦੀ ਕਲੇ ਕੋਰਟ 'ਤੇ ਪਹਿਲੀ ਜਿੱਤ ਹੈ।