v> ਬਾਸੇਲ (ਪੀਟੀਆਈ) : ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ, ਵਿਸ਼ਵ ਚੈਂਪੀਅਨ ਪੀਵੀ ਸਿੰਧੂ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਨੇ ਵੀਰਵਾਰ ਨੂੰ ਸਵਿਸ ਓਪਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਸਾਇਨਾ ਨੇਹਵਾਲ ਪਹਿਲੇ ਗੇੜ ਵਿਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਚੌਥਾ ਦਰਜਾ ਸ਼੍ਰੀਕਾਂਤ ਨੇ ਫਰਾਂਸ ਦੇ ਥਾਮਸ ਰੋਕਸੇਲ ’ਤੇ 21-10, 14-21, 21-14 ਨਾਲ ਜਿੱਤ ਦਰਜ ਕੀਤੀ। ਦੂਜਾ ਦਰਜਾ ਸਿੰਧੂ ਨੇ ਅਮਰੀਕਾ ਦੀ ਆਈਰਿਸ ਵਾਂਗ ਨੂੰ ਆਸਾਨੀ ਨਾਲ ਹਰਾ ਕੇ ਆਖ਼ਰੀ ਅੱਠ ਵਿਚ ਥਾਂ ਬਣਾਈ। ਓਲੰਪਿਕ ਮੈਡਲ ਜੇਤੂ ਸਿੰਧੂ ਨੇ 35 ਮਿੰਟ ਤਕ ਚੱਲੇ ਮੁਕਾਬਲੇ ਵਿਚ ਵਾਂਗ ਨੂੰ 21-13, 21-14 ਨਾਲ ਮਾਤ ਦਿੱਤੀ। ਉਥੇ ਸਾਤਵਿਕ ਤੇ ਅਸ਼ਵਿਨੀ ਦੀ ਜੋੜੀ ਨੇ ਇੰਡੋਨੇਸ਼ੀਆ ਦੇ ਰਿਨੋਵ ਰਿਵਾਲਡੀ ਤੇ ਪਿਠਾ ਹੈਨੀਂਗਟਿਆਸ ਮੇਂਟਾਰੀ ਦੀ ਜੋੜੀ ਨੂੰ ਦੂਜੇ ਗੇੜ ਦੇ ਮੁਕਾਬਲੇ ਵਿਚ 21-18, 21-16 ਨਾਲ ਹਰਾਇਆ। ਸਾਤਵਿਕ ਤੇ ਅਸ਼ਵਿਨੀ ਦੀ ਜੋੜੀ ਨੇ ਜਨਵਰੀ ਵਿਚ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਦੇ ਸੈਮੀਫਾਈਨਲ ਵਿਚ ਵੀ ਪ੍ਰਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਓਲੰਪਿਕ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੇਹਵਾਲ ਥਾਈਲੈਂਡ ਦੀ ਪੀ ਚਾਈਵਾਨ ਹੱਥੋਂ ਹਾਰ ਕੇ ਬਾਹਰ ਹੋ ਗਈ। ਦੋ ਵਾਰ ਦੀ ਸਾਬਕਾ ਚੈਂਪੀਅਨ ਸਾਇਨਾ ਨੂੰ 58 ਮਿੰਟ ਤਕ ਚੱਲੇ ਮੁਕਾਬਲੇ 16-21, 21-17, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Posted By: Susheel Khanna