ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਲੰਬੀ ਛਾਲ ਦੇ ਸਿਖਰਲੇ ਖਿਡਾਰੀ ਐੱਮ ਸ਼੍ਰੀਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਵੀਜ਼ਾ ਸਬੰਧੀ ਮੁੱਦਿਆਂ ਕਾਰਨ ਅਗਲੀ ਡਾਇਮੰਡ ਲੀਗ ਤੋਂ ਹਟਣ ਦਾ ਦੁੱਖ ਹੈ ਕਿਉਂਕਿ ਉਹ ਸਟਾਕਹੋਮ 'ਚ ਓਲੰਪਿਕ ਚੈਂਪੀਅਨ ਮਿਲਟਿਆਡਿਸ ਟੇਨਟੋਗਲੂ ਖ਼ਿਲਾਫ਼ ਉਤਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਸਨ। ਸ਼੍ਰੀਸ਼ੰਕਰ ਨੂੰ 30 ਜੂਨ ਤੋਂ ਸਵੀਡਨ 'ਚ ਹੋਣ ਵਾਲੇ ਇਸ ਟੂਰਨਾਮੈਂਟ ਤੋਂ ਹਟਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਅਗਲੇ ਮਹੀਨੇ ਓਰੇਗਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦਾ ਵੀਜ਼ਾ ਤਿਆਰ ਕਰਨ ਲਈ ਉਨ੍ਹਾਂ ਦਾ ਪਾਸਪੋਰਟ ਨਵੀਂ ਦਿੱਲੀ 'ਚ ਅਮਰੀਕੀ ਦੂਤਘਰ ਵਿਚ ਹੈ।

ਰਾਸ਼ਟਰੀ ਰਿਕਾਰਡ ਹਾਸਲ ਸ਼੍ਰੀਸ਼ੰਕਰ ਨੇ ਕਿਹਾ ਕਿ ਡਾਇਮੰਡ ਲੀਗ ਵਿਚ ਹਿੱਸਾ ਲੈਣ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੀ ਤਿਆਰੀ ਨੂੰ ਬਿਹਤਰ ਕਰ ਸਕਦੇ ਸੀ ਪਰ ਉਥੇ ਨਾ ਖੇਡਣ ਨਾਲ ਜ਼ਰੂਰੀ ਨਹੀਂ ਕਿ ਉਨ੍ਹਾਂ 'ਤੇ ਅਸਰ ਪਵੇ ਕਿਉਂਕਿ ਉਨ੍ਹਾਂ ਦੀ ਪਹਿਲੀ ਤਰਜੀਹ ਵਿਸ਼ਵ ਚੈਂਪੀਅਨਸ਼ਿਪ ਹੈ। ਸ਼੍ਰੀਸ਼ੰਕਰ ਨੇ ਕਿਹਾ ਬਦਕਿਸਮਤੀ ਨਾਲ ਵੀਜ਼ੇ ਨਾਲ ਜੁੜੀ ਸਥਿਤੀ ਕਾਰਨ ਮੈਨੂੰ ਸਟਾਕਹੋਮ ਵਿਚ ਅਗਲੀ ਡਾਇਮੰਡ ਲੀਗ ਤੋਂ ਹਟਣਾ ਪਿਆ। ਮੈਂ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਸੀ। ਖ਼ਾਸ ਕਰ ਕੇ ਮੌਜੂਦਾ ਓਲੰਪਿਕ ਚੈਂਪੀਅਨ ਮਿਲਟਿਆਡਿਸ ਟੇਨਟੋਗਲੂ ਖ਼ਿਲਾਫ਼ ਉਤਰਨ ਨੂੰ ਲੈ ਕੇ। ਸ਼੍ਰੀਸ਼ੰਕਰ ਤੇ ਟੇਨਟੋਗਲੂ ਦੋਵਾਂ ਨੇ ਇਸ ਸਾਲ 8.36 ਮੀਟਰ ਦੀ ਦੂਰੀ ਤੈਅ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਡਾਇਮੰਡ ਲੀਗ ਵਿਚ ਹਿੱਸਾ ਲੈਣ ਨਾਲ ਯਕੀਨੀ ਤੌਰ 'ਤੇ ਮੈਂ ਜੁਲਾਈ ਵਿਚ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਬਿਹਤਰ ਸਥਿਤੀ ਵਿਚ ਹੋ ਸਕਦਾ ਸੀ ਪਰ ਹੁਣ ਮੈਨੂੰ ਇਸ ਚੈਂਪੀਅਨਸ਼ਿਪ ਦੀ ਤਿਆਰੀ ਲਈ ਵੱਧ ਸਮਾਂ ਮਿਲੇਗਾ ਜੋ ਹਮੇਸ਼ਾ ਮੇਰੀ ਤਰਜੀਹ ਰਹੀ ਹੈ ਤੇ ਰਾਸ਼ਟਰਮੰਡਲ ਖੇਡਾਂ ਵੀ ਹਨ।

Posted By: Gurinder Singh