ਕਾਹਿਰਾ (ਪੀਟੀਆਈ) : ਭਾਰਤ ਦੇ ਚੋਟੀ ਦੇ ਸਕਵਾਸ਼ ਖਿਡਾਰੀਆਂ ਸੌਰਵ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਨੇ ਪਿਛਲੇ ਛੇ ਮਹੀਨਿਆਂ 'ਚ ਹੋਏ ਪਹਿਲੇ ਟੂਰਨਾਮੈਂਟ 'ਚ ਖੇਡਦੇ ਹੋਏ ਇੱਥੇ ਸੀਆਈਬੀ ਮਿਸਰ ਓਪਨ 'ਚ ਆਪਣੇ ਸ਼ੁਰੂਆਤੀ ਮੈਚ ਜਿੱਤੇ। ਕੋਵਿਡ-19 ਇਨਫੈਕਸ਼ਨ ਰੋਕਣ ਲਈ ਜਦੋਂ ਮਾਰਚ ਨੂੰ ਦੇਸ਼-ਵਿਆਪੀ ਲਾਕਡਾਊਨ ਲਾਗੂ ਕੀਤਾ ਗਿਆ ਸੀ ਤਾਂ ਘੋਸ਼ਾਲ ਤੇ ਚਿਨੱਪਾ ਕ੍ਰਮਵਾਰ ਕੋਲਕਾਤਾ ਤੇ ਚੇਨਈ 'ਚ ਸਨ।

ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਘੋਸ਼ਾਲ ਨੇ ਇੰਗਲੈਂਡ ਦੇ 34ਵੇਂ ਨੰਬਰ ਦੇ ਟਾਮ ਰਿਚਰਡਸ ਨੂੰ ਦੂਜੇ ਦੌਰ ਦੇ ਮੁਕਾਬਲੇ 'ਚ 11-9, 11-4, 11-1 ਨਾਲ ਹਰਾਇਆ। ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਚਿਨੱਪਾ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸਕਾਟਲੈਂਡ ਦੀ ਲਿਸਾ ਏਟਕੇਨ ਨੂੰ 7-11, 11-4, 11-3, 11-6 ਨਾਲ ਮਾਤ ਦਿੱਤੀ। ਘੋਸ਼ਾਲ ਤੇ ਚਿਨੱਪਾ ਆਪਣੇ ਅਗਲੇ ਮੁਕਾਬਲੇ ਮੰਗਲਵਾਰ ਨੂੰ ਖੇਡਣਗੇ।

ਘੋਸ਼ਾਲ ਨੇ ਕਿਹਾ, 'ਇਕ ਵਾਰ ਮੁੜ ਤੋਂ ਖੇਡ ਦਾ ਸ਼ੁਰੂ ਹੋਣਾ ਚੰਗਾ ਸੀ। ਮੇਰਾ ਬੇਸਿਕ ਠੀਕ ਸੀ ਪਰ ਮੇਰੀ ਖੇਡ 'ਚ ਢੁੱਕਵੀਂ ਲੈਅ ਨਹੀਂ ਸੀ। ਮੈਂ ਕੁਝ ਗਲਤੀਆਂ ਵੀ ਕੀਤੀਆਂ ਜਿਸ ਦਾ ਉਸ ਨੇ ਫਾਇਦਾ ਉਠਾਇਆ।' ਮਹਾਮਾਰੀ ਕਾਰਨ ਭਾਰਤ ਤੋਂ ਸੀਮਤ ਉਡਾਣਾਂ ਨੂੰ ਮਨਜ਼ੂਰੀ ਮਿਲ ਰਹੀ ਹੈ ਤੇ ਅਜਿਹੇ 'ਚ ਘੋਸ਼ਾਲ ਇਕ ਨਵੰਬਰ ਤੋਂ ਸ਼ੁਰੂ ਹੋ ਰਹੇ ਕਤਰ ਕਲਾਸਿਕ ਤੋਂ ਪਹਿਲਾਂ ਮਿਸਰ 'ਚ ਰਹੀ ਰੁਕਣਗੇ। ਚਿਨੱਪਾ ਮਿਸਰ ਓਪਨ ਤੋਂ ਬਾਅਦ ਵਤਨ ਵਾਪਸੀ ਕਰੇਗੀ।