ਯਤਿਨ ਸ਼ਰਮਾ, ਫਗਵਾੜਾ : ਸ਼ੁੱਕਰਵਾਰ ਨੂੰ ਫਗਵਾੜਾ ਦੇ ਸਿਟੀ ਕਲੱਬ ਵਿਖੇ ਪੰਜਾਬ ਦੇ ਅਰਜੁਨਾ ਐਵਾਰਡੀ ਅਤੇ ਅੰਤਰਾਸ਼ਟਰੀ ਖਿਡਾਰੀਆਂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਰਕਾਰ ਵੱਲੋ ਬਣਾਈ ਗਈ ਖੇਡ ਪਾਲਸੀ 'ਤੇ ਬੋਲਦਿਆਂ ਵੱਖ ਵੱਖ ਓਲੰਪੀਆਨਾਂ ਨੇ ਕਿਹਾ ਕਿ ਪੰਜਾਬ ਵੱਲੋਂ ਬਣਾਈ ਗਈ ਪਾਲਸੀ ਨੇ ਪੰਜਾਬ ਦੇ ਖਿਡਾਰੀਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਉਨ੍ਹਾ ਕਿਹਾ ਕਿ ਪੰਜਾਬ ਵੱਲ ਜੇ ਝਾਤ ਮਾਰੀਏ ਤਾਂ ਸਾਨੂੰ ਲੱਖਾਂ ਦੀ ਗਿਣਤੀ ਵਿਚ ਧਨਾਡ ਆਦਮੀ ਮਿਲ ਜਾਣਗੇ। ਇਸੇ ਤਰ੍ਹਾਂ ਡਾਕਟਰ ਅਤੇ ਇੰਜੀਨੀਅਰ ਵੀ ਵੱਡੀ ਗਿਣਤੀ ਵਿਚ ਮਿਲਦੇ ਹਨ ਪਰ ਓਲੰਪੀਅਨ ਜਾਂ ਅਰਜੁਨਾ ਐਵਾਰਡੀ ਪੰਜਾਬ 'ਚ ਹੀ ਨਹੀਂ ਸਗੋਂ ਭਾਰਤ ਵਿਚ ਉਂਗਲਾ 'ਤੇ ਗਿਣਤੀ ਯੋਗ ਹੀ ਮਿਲਣਗੇ। ਜਿਨ੍ਹਾਂ ਆਪਣੀ ਸਾਰੀ ਉਮਰ ਖੇਡਾਂ ਦੇ ਮੈਦਾਨ ਵਿਚ ਖੂਨ ਪਸੀਨਾ ਇਕ ਕਰ ਕੇ ਅਤੇ ਭਾਰਤ ਲਈ ਤਮਗੇ ਜਿੱਤ ਕੇ ਭਾਰਤ ਦਾ ਨਾਂਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਗਈ ਪੈਨਸ਼ਨ ਪਾਲਸੀ ਵਿਚ ਪੰਜਾਬ ਦਾ ਇਕ ਵੀ ਓਲੰਪੀਅਨ ਖਿਡਾਰੀ ਪੈਨਸ਼ਨ ਨਹੀਂ ਲੈ ਸਕਦਾ। ਇਸ ਤਂ ਇਲਾਵਾ ਉਨ੍ਹਾ ਦੱਸਿਆ ਕਿ ਸਕੂਲਾਂ ਕਾਲਜਾਂ ਦੇ ਖਿਡਾਰੀਆਂ ਦੇ ਭੱਤੇ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਨੈਸ਼ਨਲ ਕੈਂਪਾਂ ਦੇ ਭੱਤੇ ਵੀ ਸਰਕਾਰ ਵੱਲੋ ਨਵੀਂ ਪਾਲਸੀ ਦੇ ਤਹਿਤ ਬੰਦ ਕਰ ਦਿੱਤੇ ਗਏ ਹਨ। ਇਸ ਪਾਲਸੀ ਦੀ ਪੰਜਾਬ ਦੇ ਅਰਜੁਨਾ ਅਵਾਰਡੀ ਅਤੇ ਅੰਤਰਾਸ਼ਟਰੀ ਖਿਡਾਰੀਆਂ ਵੱਲੋਂ ਇੱਕ ਮੰਚ 'ਤੇ ਖੜ੍ਹ ਕੇ ਨਿੰਦਾ ਕੀਤੀ ਗਈ ਹੈ ਅਤੇ ਉਨ੍ਹਾ ਇਸ ਸੰਬੰਧੀ ਅਗਲੀ ਮੀਟਿੰਗ ਹੋਟਲ ਸਕਾਈਲਾਰਕ ਵਿਖੇ 4 ਜੁਲਾਈ ਨੂੰ ਰੱਖਣ ਦਾ ਫ਼ੈਸਲਾ ਲਿਆ ਹੈ ਜਿਸ ਵਿਚ ਅਗਲੀ ਨਿਤੀ 'ਤੇ ਐਕਸ਼ਨ ਪਲਾਨ ਬਣਾਈਆ ਜਾਵੇਗਾ। ਉਹਨਾ ਸਾਰੇ ਹੀ ਅੰਤਰਾਸ਼ਟਰੀ ਖਿਡਾਰੀਆਂ ਨੂੰ ਹੋਟਲ ਸਕਾਈਲਾਰਕ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਮੀਟਿੰਗ ਦੌਰਾਨ ਸਾਬਕਾ ਐਸ.ਪੀ. ਸਜੱਣ ਸਿੰਘ ਚੀਮਾ, ਦਵਿੰਦਰ ਸਿੰਘ ਗਰਚਾ, ਰਾਜਵਿੰਦਰ ਸਿੰਘ, ਸੁਮਨ ਸ਼ਰਮਾ, ਸਰੋਜ ਬਾਲਾ, ਕੁਲਦੀਪ ਕੌਰ, ਇੰਦਰ ਸਿੰਘ, ਕਰਤਾਰ ਸਿੰਘ, ਬਲਵਿੰਦਰ ਸਿੰਘ ਸੰਮੀ, ਬਿ੍ਗੇਡੀਅਰ ਹਰਚਰਨ ਸਿੰਘ, ਪ੍ਰਰੇਮ ਚੰਦ ਢੀਂਗਰਾਂ, ਸੁਖਦੇਵ ਸਿੰਘ ਤਾਰਾ ਸਿੰਘ ਅਤੇ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਅਰਜੁਨਾ ਐਵਾਰਡੀ ਅਤੇ ਅੰਤਰਾਸ਼ਟਰੀ ਖਿਡਾਰੀ।