ਲੁਸਾਨੇ (ਪੀਟੀਆਈ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏਆਈਬੀਏ) ਦੇ ਸੰਚਾਲਨ ਢਾਂਚੇ, ਵਿੱਤੀ ਹਾਲਾਤ ਤੇ ਸਕੋਰਿੰਗ ਪ੍ਰਣਾਲੀ ਦੇ ਨਾ ਸੁਲਝਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਪੈਰਿਸ ਓਲੰਪਿਕ 2024 ਵਿਚ ਮੁੱਕੇਬਾਜ਼ੀ ਦੀ ਥਾਂ ਨੂੰ ਲੈ ਕੇ ਡੂੰਘੀ ਚਿੰਤਾ ਜ਼ਾਹਰ ਕੀਤੀ। ਏਆਈਬੀਏ ਦੇ ਪ੍ਰਧਾਨ ਉਮਰ ਕ੍ਰੇਮਲੇਵ ਨੂੰ ਭੇਜੀ ਚਿੱਠੀ ਵਿਚ ਆਈਓਸੀ ਦੇ ਡਾਇਰੈਕਟਰ ਜਨਰਲ ਕ੍ਰਿਸਟੋਫਰ ਡੀ ਕੇਪਰ ਨੇ ਕਿਹਾ ਕਿ ਓਲੰਪਿਕ ਸੰਸਥਾ ਦੇ ਕਾਰਜਕਾਰੀ ਬੋਰਡ ਨੇ ਉਨ੍ਹਾਂ ਨੂੰ ਤੇ ਆਪਣੇ ਮੁੱਖ ਜ਼ਾਬਤਾ ਅਧਿਕਾਰੀ ਨੂੰ ਸਥਿਤੀ ’ਤੇ ਅੱਗੇ ਕਾਰਵਾਈ ਕਰਨ ਲਈ ਕਿਹਾ ਹੈ। ਆਈਓਸੀ ਨੇ ਆਪਣੀ ਚਾਰ ਸਫਿਆਂ ਦੀ ਚਿੱਠੀ ’ਚ ਏਆਈਬੀਏ ਵੱਲੋਂ ਆਪਣੇ ਸ਼ਾਸਨ, ਵਿੱਤ, ਰੈਫਰੀ ਤੇ ਜੱਜ ਪ੍ਰਣਾਲੀ ’ਤੇ ਕੀਤੇ ਗਏ ਕੰਮਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਰੀਓ ਓਲੰਪਿਕ 2016 ਤੋਂ ਬਾਅਦ ਤੋਂ ਹੀ ਡੂੰਘੀ ਜਾਂਚ ਚੱਲ ਰਹੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਉਪਰੋਕਤ ਆਧਾਰ ’ਤੇ ਆਈਓਸੀ ਕਾਰਜਕਾਰੀ ਬੋਰਡ ਨੇ ਪੈਰਿਸ ਓਲੰਪਿਕ ਤੇ ਭਵਿੱਖ ਦੀਆਂ ਓਲੰਪਿਕ ਖੇਡਾਂ ਦੇ ਪ੍ਰੋਗਰਾਮ ਵਿਚ ਮੁੱਕੇਬਾਜ਼ੀ ਦੀ ਥਾਂ ਨੂੰ ਲੈ ਕੇ ਮੁਡ਼ ਤੋਂ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਆਈਓਸੀ ਨੇ ਸਵੀਕਾਰ ਕੀਤਾ ਕਿ ਏਆਈਬੀਏ ਨੇ ਬਿਹਤਰ ਸ਼ਾਸਨ ਦੀ ਦਿਸ਼ਾ ਵਿਚ ਕਦਮ ਅੱਗੇ ਵਧਾਇਆ ਹੈ ਪਰ ਕਈ ਹੋਰ ਮਸਲੇ ਹਨ ਜਿਨ੍ਹਾਂ ਦਾ ਹੱਲ ਕਰਨਾ ਬਾਕੀ ਹੈ। ਏਆਈਬੀਏ ਨੂੰ 2019 ਵਿਚ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਕ੍ਰੇਮਲੇਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਸਾਲ ਦੇ ਆਖ਼ਰ ਤਕ ਆਈਓਸੀ ਤੋਂ ਮੁਡ਼ ਮਾਨਤਾ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਵਿਸ਼ਵ ਦੀ ਸਰਬੋਤਮ ਖੇਡ ਸੰਸਥਾ ਵੱਲੋਂ ਉਠਾਏ ਗਏ ਮੁੱਦਿਆਂ ਦੇ ਨਿਪਟਾਰੇ ਲਈ ਕਈ ਤਰੀਕਿਆਂ ਦਾ ਐਲਾਨ ਕਰਦੇ ਹੋਏ ਇਹ ਗੱਲ ਕਹੀ ਸੀ।

Posted By: Rajnish Kaur