ਚੇਂਗਡੂ : ਭਾਰਤ ਦੇ ਸਾਥੀਅਨ ਗੁਣਨਸੇਕਰਨ ਨੇ ਇੱਥੇ ਜਾਰੀ ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ (ਆਈਟੀਟੀਐੱਫ) ਮਰਦ ਵਿਸ਼ਵ ਕੱਪ ਦੇ ਨਾਕਆਊਟ ਗੇੜ 'ਚ ਥਾਂ ਬਣਾ ਲਈ ਹੈ। ਇਸ ਟੂਰਨਾਮੈਂਟ ਵਿਚ ਭਾਰਤ ਦੀ ਇਕਲੌਤੀ ਚੁਣੌਤੀ ਸਾਥੀਆਨ ਨੇ ਸ਼ੁੱਕਰਵਾਰ ਨੂੰ ਗਰੁੱਪ-ਡੀ ਵਿਚ ਦੋਵੇਂ ਮੈਚ ਜਿੱਤ ਕੇ ਨਾਕਆਊਟ ਗੇੜ ਵਿਚ ਪ੍ਰਵੇਸ਼ ਕੀਤਾ। ਸਾਥੀਆਨ ਨੇ ਫਰਾਂਸ ਦੇ ਸਿਮੋਨ ਗੌਜੀ ਨੂੰ 4-3 ਨਾਲ ਤੇ ਫਿਰ ਡੈਨਮਾਰਕ ਦੇ ਜੋਨਾਥਨ ਗ੍ਰੋਥ ਨੂੰ 4-2 ਨਾਲ ਹਰਾਇਆ।

ਹਿਰਾਸਤ 'ਚ ਹੀ ਰਹਿਣਗੇ ਗੌਤਮ, ਕਾਜੀ, ਸਈਅਮ

ਬੈਂਗਲੁਰੂ : ਕਰਨਾਟਕ ਪ੍ਰੀਮੀਅਰ ਲੀਗ (ਕੇਪੀਐੱਲ) ਵਿਚ ਦੋਸ਼ੀ ਖਿਡਾਰੀ ਸੀਐੱਮ ਗੌਤਮ ਤੇ ਅਬ੍ਰਰਾਰ ਕਾਜੀ ਤੋਂ ਇਲਾਵਾ ਸੱਟੇਬਾਜ਼ ਸਈਅਮ ਨੂੰ ਪੁਲਿਸ ਹਿਰਾਸਤ ਵਿਚ ਹੀ ਰੱਖਿਆ ਜਾਵੇਗਾ ਜਦਕਿ ਹੋਰ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਕੇਂਦਰੀ ਅਪਰਾਧ ਸ਼ਾਖਾ ਦੇ ਪੁਲਿਸ ਡਿਪਟੀ ਕਮਿਸ਼ਨਰ ਕੁਲਦੀਪ ਜੈਨ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਬੈਂਗਲੁਰੂ ਬਲਾਸਟਰਜ਼ ਦੀ ਟੀਮ ਦੇ ਮੈਂਬਰ ਕਾਜੀ ਤੇ ਗੌਤਮ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਸੀ।

ਕੈਲਿਸ ਨੇ ਰੱਖੀ ਅੱਧੀ ਦਾੜ੍ਹੀ ਤੇ ਮੁੱਛ

ਨਵੀਂ ਦਿੱਲੀ : ਦੱਖਣੀ ਅਫਰੀਕੀ ਕਿ੍ਕਟ ਟੀਮ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਜੈਕ ਕੈਲਿਸ ਨੇ ਆਪਣੀ ਅੱਧੀ ਦਾੜ੍ਹੀ ਤੇ ਅੱਧੀ ਮੁੱਛ ਸ਼ੇਵ ਕਰਵਾ ਲਈ ਹੈ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਸ ਤਸਵੀਰ ਬਾਰੇ ਕੈਲਿਸ ਨੇ ਹਾਲਾਂਕਿ ਆਪਣੀ ਸਥਿਤੀ ਨੂੰ ਸਾਫ਼ ਕਰ ਦਿੱਤਾ ਹੈ। ਕੈਲਿਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਦੇਸ਼ ਵਿਚ ਰਾਈਨੋਜ (ਗੈਂਡਾ) ਦੀ ਗਿਣਤੀ ਤੇਜ਼ੀ ਨਾਲ ਘੱਟ ਹੋ ਰਹੀ ਹੈ ਤੇ ਇਸ ਨੂੰ ਬਚਾਉਣ ਲਈ ਉਨ੍ਹਾਂ ਨੇ ਰਾਈਨੋ ਚੈਲੰਜ ਸਵੀਕਾਰ ਕੀਤਾ ਹੈ।

ਫਰਾਹ 10,000 ਮੀਟਰ ਨਾਲ ਕਰਨਗੇ ਵਾਪਸੀ

ਲੰਡਨ : ਓਲੰਪਿਕ ਚੈਂਪੀਅਨ ਮੁਹੰਮਦ ਫਰਾਹ ਨੇ ਕਿਹਾ ਹੈ ਕਿ ਉਹ ਟਰੈਕ 'ਤੇ ਵਾਪਸੀ ਕਰਨਗੇ ਤੇ ਉਹ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਆਪਣੇ 10,000 ਮੀਟਰ ਖ਼ਿਤਾਬ ਦਾ ਬਚਾਅ ਕਰਨਾ ਚਾਹੁੰਦੇ ਹਨ। ਆਪਣੇ ਯੂ ਟਿਊਬ ਚੈਨਲ 'ਤੇ ਫ਼ਰਾਹ ਨੇ ਕਿਹਾ ਕਿ ਮੈਂ ਹਿੱਸਾ ਲੈਣ ਲਈ ਕਾਫੀ ਉਤਸ਼ਾਹਤ ਹਾਂ। ਮੈਂ ਟਰੈਕ 'ਤੇ ਵਾਪਸੀ ਕਰਾਂਗਾ। ਫਰਾਹ ਨੇ 2012 ਲੰਡਨ ਓਲੰਪਿਕ ਤੇ 2016 ਰੀਓ ਓਲੰਪਿਕ ਵਿਚ 5,000 ਤੇ 10,000 ਮੀਟਰ ਦੇ ਖ਼ਿਤਾਬ ਜਿੱਤੇ ਸਨ।

ਅੰਗਦ, ਸਾਨੀਆ ਬਣੇ ਰਾਸ਼ਟਰੀ ਸਟੀਕ ਚੈਂਪੀਅਨ

ਨਵੀਂ ਦਿੱਲੀ : ਅੰਗਦ ਵੀਰ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਇੱਥੇ 63ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਸ਼ਾਟਗਨ ਚੈਂਪੀਅਨਸ਼ਿਪ ਦੇ ਮਰਦ ਸਟੀਕ ਫਾਈਨਲ ਵਿਚ ਅਣਅਧਿਕਾਰਤ ਰੂਪ ਨਾਲ ਵਿਸ਼ਵ ਰਿਕਾਰਡ ਸਕੋਰ ਬਣਾ ਕੇ ਸਿਖ਼ਰਲੇ ਸਥਾਨ 'ਤੇ ਕਬਜਾ ਕੀਤਾ ਹੈ ਤੇ ਪੰਜਾਬ ਦੇ ਦਬਦਬੇ ਦੀ ਅਗਵਾਈ ਕੀਤੀ। ਉਨ੍ਹਾਂ ਨੇ ਫਾਈਨਲ ਵਿਚ 60 ਅੰਕਾਂ ਦਾ ਨਿਸ਼ਾਨਾ ਲਾ ਕੇ ਰਿਕਾਰਡ ਦੀ ਬਰਾਬਰੀ ਕੀਤੀ। ਇਹ ਰਿਕਾਰਡ ਅਧਿਕਾਰਕ ਰੂਪ ਨਾਲ ਮਹਾਨ ਸਟੀਕ ਨਿਸ਼ਾਨੇਬਾਜ਼ ਵਿੰਸੈਂਟ ਹੈਨਕਾਕ ਤੇ ਦੋ ਹੋਰ ਦੇ ਨਾਂ ਹੈ। ਉੱਤਰ ਪ੍ਰਦੇਸ਼ ਦੀ ਸਾਨੀਆ ਨੇ ਸ਼ੂਟਆਫ ਮਹਿਲਾ ਸਟੀਕ ਮੁਕਾਬਲੇ ਦਾ ਰਾਸ਼ਟਰੀ ਖ਼ਿਤਾਬ ਜਿੱਤਿਆ।