ਨਿੰਗਬੋ : ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਸ਼ਨਿਚਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਅੰਤਰਰਾਸ਼ਟਰੀ ਵੇਟਲਿਫਟਿੰਗ ਮਹਾਸੰਘ ਦੇ ਭਾਰ ਵਰਗਾਂ ਵਿਚ ਤਬਦੀਲੀ ਕਰਨ ਤੋਂ ਬਾਅਦ 48 ਦੀ ਥਾਂ 49 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈ ਰਹੀ ਮੀਰਾਬਾਈ ਭਾਰਤ ਦੀ ਮੈਡਲ ਦੀ ਮੁੱਖ ਦਾਅਵੇਦਾਰਾਂ 'ਚ ਸ਼ਾਮਲ ਹੈ।

ਪੇਸ਼ੇਵਰ ਮੁੱਕੇਬਾਜ਼ੀ ਦਾ ਦੂਜਾ ਮੁਕਾਬਲਾ ਖੇਡਣਗੇ ਵਿਕਾਸ

ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਣਨ ਸ਼ਨਿਚਰਵਾਰ ਨੂੰ ਇੱਥੇ ਮੈਡੀਸਨ ਸਕਵਾਇਰ ਗਾਰਡਨ ਵਿਚ ਅਮਰੀਕਾ ਦੇ ਨੋਹ ਕਿਡ ਖ਼ਿਲਾਫ਼ ਆਪਣੇ ਦੂਜੇ ਪੇਸ਼ੇਵਰ ਮੁਕਾਬਲੇ ਵਿਚ ਹਿੱਸਾ ਲੈਣਗੇ। ਵਿਕਾਸ ਤੇ ਕਿਡ ਵਿਚਾਲੇ ਸੁਪਰ ਵੇਲਟਰਵੇਟ ਵਰਗ ਦਾ ਇਹ ਮੁਕਾਬਲਾ ਛੇ ਗੇੜ ਦਾ ਹੋਵੇਗਾ।

ਦੋ ਭਾਰਤੀ ਮੁੱਕੇਬਾਜ਼ ਕੁਆਰਟਰ ਫਾਈਨਲ 'ਚ

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤੀ ਮੁੱਕੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸ਼ੁੱਕਰਵਾਰ ਨੂੰ ਸਤੀਸ਼ ਕੁਮਾਰ ਤੇ ਸੋਨੀਆ ਚਹਿਲ ਨੇ ਕੁਆਰਟਰ ਫਾਈਨਲ 'ਚ ਥਾਂ ਬਣਾਈ। ਸਤੀਸ਼ ਨੇ ਇਰਾਨ ਦੇ ਇਮਾਮ ਨੂੰ ਤੇ ਸੋਨੀਆ ਨੇ ਵੀਅਤਨਾਮ ਦੀ ਉਯਾਨ ਡੋ ਨਹਾ ਨੂੰ ਹਰਾਇਆ। ਇਸ ਤੋਂ ਇਲਾਵਾ ਦੀਪਕ, ਰੋਹਿਤ ਤੇ ਆਸ਼ੀਸ਼ ਪ੍ਰੀ ਕੁਆਰਟਰ ਫਾਈਨਲ 'ਚ ਪੁੱਜ ਗਏ।

ਗੋਆ ਨੂੰ ਹਰਾ ਕੇ ਪੰਜਾਬ ਫਾਈਨਲ 'ਚ

ਪੰਜਾਬ ਨੇ ਗੋਆ ਨੂੰ 2-1 ਨਾਲ ਹਰਾ ਕੇ 15ਵੀਂ ਸੰਤੋਸ਼ ਟਰਾਫੀ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪੰਜਾਬ ਲਈ ਹਰਜਿੰਦਰ ਸਿੰਘ ਨੇ ਜੇਤੂ ਗੋਲ ਕੀਤਾ। ਜਸਪ੍ਰੀਤ ਨੇ 12ਵੇਂ ਮਿੰਟ 'ਚ ਪੰਜਾਬ ਨੂੰ ਬੜ੍ਹਤ ਦਿਵਾਈ ਸੀ। ਗੋਆ ਲਈ ਗੋਲ ਜੋਵਾਚਿਮ ਏਬਰਾਨਚੇਜ ਨੇ ਕੀਤਾ।

ਲਾਹਿੜੀ ਦੀ ਖ਼ਰਾਬ ਸ਼ੁਰੂਆਤ

ਤਿੰਨ ਮਹੀਨੇ ਬਾਅਦ ਵਾਪਸੀ ਕਰ ਰਹੇ ਭਾਰਤ ਦੇ ਅਨਿਰਬਾਨ ਲਾਹਿੜੀ ਚੰਗੀ ਸ਼ੁਰੂਆਤ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੇ ਤੇ ਇੱਥੇ ਆਰਬੀਸੀ ਹੈਰੀਟੇਜ ਦੇ ਪਹਿਲੇ ਗੇੜ ਵਿਚ ਇਕ ਓਵਰ 72 ਦੇ ਸਕੋਰ ਨਾਲ 77ਵੇਂ ਸਥਾਨ 'ਤੇ ਚੱਲ ਰਹੇ ਹਨ।