ਰੋਮ (ਏਪੀ) : ਸਪੇਜੀਆ ਨੇ ਵਾਧੂ ਸਮੇਂ ਵਿਚ ਨੌਂ ਖਿਡਾਰੀਆਂ ਦੇ ਨਾਲ ਖੇਡ ਰਹੇ ਰੋਮਾ ਨੂੰ 4-2 ਨਾਲ ਹਰਾ ਕੇ ਇਟਾਲੀਅਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਰੋਮਾ ਦੇ ਸਾਬਕਾ ਵਿੰਗਰ ਡੇਨੀਅਲ ਵਰਡੇ ਤੇ ਰਿਕਾਰਡੋ ਸੈਪੋਨਾਰਾ ਨੇ ਸਪੇਜੀਆ ਵੱਲੋਂ ਵਾਧੂ ਸਮੇਂ ਵਿਚ ਗੋਲ ਕੀਤੇ। ਸਪੇਜੀਆ ਕੁਆਰਟਰ ਫਾਈਨਲ ਵਿਚ ਨਪੋਲੀ ਨਾਲ ਭਿੜੇਗਾ। ਵਾਧੂ ਸਮੇਂ ਦੇ ਪਹਿਲੇ ਦੋ ਮਿੰਟ ਵਿਚ ਹੀ ਖੇਡ ਦਾ ਦਿ੍ਸ਼ ਬਦਲ ਗਿਆ ਸੀ। ਰੋਮਾ ਦੇ ਡਿਫੈਂਡਰ ਜੀਆਨਲੁਕਾ ਮਨਚੀਨੀ ਤੇ ਗੋਲਕੀਪਰ ਪਾਉ ਲੋਪੇਜ ਨੂੰ ਵੱਖ-ਵੱਖ ਘਟਨਾਵਾਂ ਕਾਰਨ 30 ਸਕਿੰਟ ਦੇ ਅੰਦਰ ਬਾਹਰ ਭੇਜ ਦਿੱਤਾ ਗਿਆ ਸੀ। ਮਨਚੀਨੀ ਨੂੰ ਦੂਜਾ ਪੀਲਾ ਕਾਰਡ ਮਿਲਿਆ ਜਦਕਿ ਲੋਪੇਜ ਨੂੰ ਲਾਲ ਕਾਰਡ ਦਿਖਾਇਆ ਗਿਆ। ਸਪੇਜੀਆ ਨੇ ਇਸ ਦਾ ਪੂਰਾ ਫ਼ਾਇਦਾ ਉਠਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸਪੇਜੀਆ ਨੇ ਆਂਦਰੇ ਗਲਾਬਿਨੋਵ ਤੇ ਸੈਪੋਨਾਰਾ ਦੇ ਗੋਲ ਨਾਲ 15 ਮਿੰਟ ਦੇ ਅੰਦਰ 2-0 ਦੀ ਬੜ੍ਹਤ ਬਣਾਈ। ਰੋਮਾ ਵੱਲੋਂ ਲੋਰੇਂਜੋ ਪਾਲੇਗ੍ਰੀਨੀ ਤੇ ਹੈਨਰਿਕ ਮਾਖਤਿਰਿਆਨ ਨੇ ਗੋਲ ਕੀਤੇ।