ਸਟਾਫ ਰਿਪੋਰਟਰ, ਰੂਪਨਗਰ : ਅੰਬੂਜਾ ਸੀਮੰਟ ਫਾਊਂਡੇਸ਼ਨ ਵੱਲੋਂ ਪਿੰਡ ਸਲੋਰਾ ਵਿਖੇ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਸ਼ੇਸ਼ ਖਿਡਾਰੀਆਂ ਨੇ 22ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 14ਵੀਂ ਵਾਰ ਓਵਰਆਲ ਟਰਾਫੀ ਜਿੱਤੀ ਹੈ। ਇਹ ਖੇਡਾਂ ਰਿਆਤ ਬਾਹਰਾ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਵਿਚ ਪੰਜਾਬ ਰਾਜ ਦੇ 57 ਵਿਸ਼ੇਸ਼ ਸਕੂਲਾਂ ਦੇ ਕਰੀਬ 600 ਖਿਡਾਰੀਆਂ ਨੇ ਹਿੱਸਾ ਲਿਆ। ਖੇਡਾਂ ਵਿਚ ਵਿਸ਼ੇਸ਼ ਸਕੂਲਾਂ ਦੇ ਨਾਲ-ਨਾਲ ਸਰਬ ਸਿੱਖਿਆ ਅਭਿਆਨ ਦੇ ਅੰਦਰ 17 ਜ਼ਿਲਿ੍ਹਆਂ ਦੇ ਵਿਸ਼ੇਸ਼ ਖਿਡਾਰੀਆਂ ਨੇ ਹਿੱਸਾ ਲਿਆ। ਅੰਬੂਜਾ ਮਨੋਵਿਕਾਸ ਕੇਂਦਰ ਦੇ 22 ਖਿਡਾਰੀਆਂ ਨੇ ਅਥਲੈਟਿਕ ਅਤੇ ਟੀਮ ਗੇਮ ਵੋਚੀ ਵਿਚ ਹਿੱਸਾ ਲਿਆ। ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਥਲੈਟਿਕ ਵਿਚ ਕੁੱਲ 36 ਮੈਡਲ ਪ੍ਰਾਪਤ ਕੀਤੇ, ਜਿਨ੍ਹਾਂ ਵਿਚ 25 ਸੋਨੇ ਦੇ, 10 ਚਾਂਦੀ ਦੇ ਅਤੇ ਇਕ ਕਾਂਸੇ ਦਾ ਤਗ਼ਮਾ ਜਿੱਤਿਆ। ਖੁਸ਼ਪ੍ਰੀਤ ਕੌਰ, ਤਨਵੀਰ ਕੌਰ, ਦੇਵ ਕੁਮਾਰ, ਧਰਮਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਸ਼ਨਪ੍ਰੀਤ ਕੌਰ, ਰਮਨਦੀਪ ਕੌਰ, ਦਿਲਪ੍ਰੀਤ ਕੌਰ, ਵਿਕਾਸ ਕੁਮਾਰ ਨੇ ਦੋ-ਦੋ ਗੋਲਡ ਮੈਡਲ ਜਿੱਤੇ। ਟੀਮ ਗੇਮ ਵੋਚੀ ਵਿਚ ਬੱਚਿਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ 'ਤੇ ਖਿਡਾਰੀਆਂ ਦਾ ਸਕੂਲ ਸਟਾਫ ਤੇ ਮਾਪਿਆਂ ਵੱਲੋਂ ਸਵਾਗਤ ਕੀਤਾ ਗਿਆ। ਅੰਬੂਜਾ ਮਨੋਵਿਕਾਸ ਕੇਂਦਰ ਦੇ ਪਿ੍ਰੰਸੀਪਲ ਸੁਰੇਸ਼ ਠਾਕੁਰ ਨੇ ਖਿਡਾਰੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।