ਜੇੱਦਾ (ਏਐੱਫਪੀ) : ਗੋਲਕੀਪਰ ਥਿਬਾਟ ਕਾਰਟੋਇਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰੀਅਲ ਮੈਡਰਿਡ ਨੇ ਏਟਲੇਟਿਕੋ ਮੈਡਿਰਡ ਨੂੰ ਪੈਨਲਟੀ ਸ਼ੂਟਆਊਟ ਵਿਚ 4-1 ਨਾਲ ਹਰਾ ਕੇ ਸਪੈਨਿਸ਼ ਸੁਪਰ ਕੱਪ ਦਾ 11ਵਾਂ ਖ਼ਿਤਾਬ ਹਾਸਲ ਕੀਤਾ। ਕਿੰਗ ਅਬਦੁੱਲਾ ਸਪੋਰਟਸ ਸਿਟੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਤੈਅ ਸਮੇਂ ਤਕ ਮੈਡਰਿਡ ਦੇ ਦੋਵੇਂ ਕਲੱਬ ਗੋਲਰਹਿਤ (0-0) ਬਰਾਬਰੀ 'ਤੇ ਰਹੇ ਜਿੱਥੇ ਕਾਰਟੋਇਸ ਤੋਂ ਇਲਾਵਾ ਏਟਲੇਟਿਕੋ ਮੈਡਰਿਡ ਦੇ ਗੋਲਕੀਪਰ ਜਾਨ ਓਬਲਾਕ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਰੀਅਲ ਨੇ ਪੈਨਲਟੀ ਸ਼ੂਟਆਊਟ ਵਿਚ ਏਟਲੇਟਿਕੋ ਨੂੰ ਮਾਤ ਦੇ ਕੇ ਖ਼ਿਤਾਬ 'ਤੇ ਆਪਣਾ ਕਬਜ਼ਾ ਕੀਤਾ ਜਿੱਥੇ ਬੈਲਜੀਅਮ ਦੇ ਕਾਰਟੋਈਸ ਨੇ ਥਾਮਸ ਪਾਰਟੇ ਦੀ ਪੈਨਲਟੀ ਕਿੱਕ 'ਤੇ ਸ਼ਾਨਦਾਰ ਬਚਾਅ ਕੀਤਾ ਜਦਕਿ ਏਟਲੇਟਿਕੋ ਦੇ ਸਾਊਲੇ ਨਿਗਿਜ ਪਹਿਲੀ ਹੀ ਗੇਂਦ ਨੂੰ ਗੋਲ ਪੋਸਟ ਦੇ ਬਾਹਰ ਮਾਰ ਬੈਠੇ। ਰੀਅਲ ਲਈ ਸਰਜੀਓ ਰਾਮੋਸ ਵੱਲੋਂ ਜੇਤੂ ਪੈਨਲਟੀ ਕਿੱਕ ਲਾਉਣ ਤੋਂ ਪਹਿਲਾਂ ਲੁਕਾ ਮਾਡਰਿਕ, ਰਾਡਰਿਗੋ ਤੇ ਡੇਨੀਅਲ ਕਰਵਾਜਲ ਨੇ ਪੈਨਲਟੀ ਕਿੱਕ ਨੂੰ ਗੋਲ ਵਿਚ ਤਬਦੀਲ ਕੀਤਾ।

ਜਿਦਾਨ ਦੀ ਕਾਮਯਾਬੀ :

ਸਪੈਨਿਸ਼ ਸੁਪਰ ਕੱਪ ਜਿੱਤਣ ਦੇ ਨਾਲ ਹੀ ਰੀਅਲ ਮੈਡਰਿਡ ਦੇ ਮੈਨੇਜਰ ਜਿਨੇਦਿਨ ਜਿਦਾਨ ਨੇ ਇਕ ਖ਼ਾਸ ਮੁਕਾਮ ਹਾਸਲ ਕਰ ਲਿਆ। ਉਨ੍ਹਾਂ ਨੇ ਰੀਅਲ ਦੇ ਮੈਨੇਜਰ ਵਜੋਂ ਕੁੱਲ 10ਵਾਂ ਖ਼ਿਤਾਬ ਹਾਸਲ ਕੀਤਾ। ਜਿਦਾਨ ਦੇ ਮਾਰਗਦਰਸ਼ਨ ਵਿਚ ਰੀਅਲ ਨੇ ਤਿੰਨ ਵਾਰ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਣ ਤੋਂ ਇਲਾਵਾ ਦੋ-ਦੋ ਵਾਰ ਕਲੱਬ ਵਿਸ਼ਵ ਕੱਪ, ਯੂਏਫਾ ਸੁਪਰ ਕੱਪ ਤੇ ਸਪੈਨਿਸ਼ ਸੁਪਰ ਕੱਪ ਦਾ ਖ਼ਿਤਾਬ ਜਿੱਤਿਆ ਜਦਕਿ 2017 ਵਿਚ ਉਸ ਨੇ ਫਰਾਂਸ ਦੇ ਇਸ ਦਿੱਗਜ ਦੇ ਮਾਰਗਦਰਸ਼ਨ ਵਿਚ ਹੀ ਲਾ ਲੀਗਾ ਦਾ ਖ਼ਿਤਾਬ ਜਿੱਤਿਆ ਸੀ।