ਮੈਡਿ੍ਡ (ਏਪੀ) : ਐਥਲੈਟਿਕ ਬਿਲਬਾਓ ਹੱਥੋਂ 1-0 ਨਾਲ ਹਾਰਨ ਕਾਰਨ ਸੇਵੀਆ ਦੀ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਦਾ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਸੇਵੀਆ ਹੁਣ ਵੀ ਚੋਟੀ 'ਤੇ ਕਾਬਜ ਏਟਲੇਟਿਕੋ ਮੈਡਿ੍ਡ ਤੋਂ ਛੇ ਅੰਕ ਪਿੱਛੇ ਹੈ ਤੇ ਸੋਮਵਾਰ ਦੀ ਜਿੱਤ ਉਸ ਨੂੰ ਚਾਰ ਮਜ਼ਬੂਤ ਦਾਅਵੇਦਾਰਾਂ ਵਿਚ ਸ਼ਾਮਲ ਕਰ ਸਕਦੀ ਹੈ। ਰੀਅਲ ਮੈਡਿ੍ਡ ਤੇ ਬਾਰਸੀਲੋਨਾ ਵੀ ਖ਼ਿਤਾਬ ਦੇ ਮੁੱਖ ਦਾਅਵੇਦਾਰ ਹਨ ਤੇ ਉਹ ਏਟਲੇਟਿਕੋ ਮੈਡਿ੍ਡ ਤੋਂ ਸਿਰਫ਼ ਦੋ ਅੰਕ ਪਿੱਛੇ ਹਨ। ਜਦ ਲੱਗ ਰਿਹਾ ਸੀ ਕਿ ਮੈਚ ਗੋਲਰਹਿਤ ਬਰਾਬਰੀ 'ਤੇ ਰਹੇਗਾ ਤਦ ਇਨਾਕੀ ਵਿਲੀਅਮਜ਼ ਨੇ 90ਵੇਂ ਮਿੰਟ ਵਿਚ ਐਥਲੈਟਿਕ ਵੱਲੋਂ ਜੇਤੂ ਗੋਲ ਕਰ ਕੇ ਸੇਵੀਆ ਦੀ ਸਿਖਰਲੀਆਂ ਟੀਮਾਂ ਦੇ ਨੇੜੇ ਪੁੱਜਣ ਦੀ ਉਮੀਦ ਤੋੜ ਦਿੱਤੀ। ਸੇਵੀਆ ਨੇ ਹੁਣ ਵੀ ਪੰਜਵੇਂ ਨੰਬਰ ਦੀ ਟੀਮ ਰੀਅਲ ਸੋਸੀਏਦਾਦ 'ਤੇ 17 ਅੰਕਾਂ ਦੀ ਬੜ੍ਹਤ ਬਣਾ ਕੇ ਰੱਖੀ ਹੈ ਤੇ ਉਹ ਅਗਲੇ ਸੈਸ਼ਨ ਲਈ ਚੈਂਪੀਅਨਜ਼ ਲੀਗ ਵਿਚ ਆਪਣੀ ਥਾਂ ਸੁਰੱਖਿਅਤ ਕਰ ਚੁੱਕਾ ਹੈ। ਐਥਲੈਟਿਕ ਨੌਵੇਂ ਸਥਾਨ 'ਤੇ ਪੁੱਜ ਗਿਆ ਹੈ ਤੇ ਉਹ ਹੁਣ ਵੀ ਯੂਰੋਪਾ ਲੀਗ ਵਿਚ ਥਾਂ ਬਣਾਉਣ ਦਾ ਦਾਅਵੇਦਾਰ ਹੈ।