ਪੈਰਿਸ (ਏਐੱਫਪੀ) : ਯੂਰੋ ਕੱਪ 2020 ਦੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਸਪੇਨ ਨੇ ਸਵੀਡਨ ਨੂੰ ਆਸਾਨੀ ਨਾਲ 3-0 ਨਾਲ ਹਰਾ ਦਿੱਤਾ ਜਿੱਥੇ ਸਪੇਨ ਲਈ ਸਰਜੀਓ ਰਾਮੋਸ ਤੇ ਏਲਵੇਰੋ ਮੋਰਾਤਾ ਨੇ ਪੈਨਲਟੀ ਰਾਹੀਂ ਗੋਲ ਕੀਤੇ। ਤਿੰਨ ਵਾਰ ਦੇ ਯੂਰਪੀ ਚੈਂਪੀਅਨ ਸਪੇਨ ਨੇ ਗਰੁੱਪ ਐੱਫ ਵਿਚ ਸਵੀਡਨ ਨੂੰ ਸੇਂਟੀਆਗੋ ਬਰਨਬਿਊ ਵਿਚ ਆਸਾਨੀ ਨਾਲ ਹਰਾਇਆ। ਖੇਡ ਦੇ 64ਵੇਂ ਮਿੰਟ ਵਿਚ ਸਪੇਨ ਨੂੰ ਪੈਨਲਟੀ ਕਿੱਕ ਮਿਲੀ ਜਿਸ ਨੂੰ ਰਾਮੋਸ ਨੇ ਆਸਾਨੀ ਨਾਲ ਗੋਲ ਵਿਚ ਤਬਦੀਲ ਕੀਤਾ। ਰੀਅਲ ਮੈਡਰਿਡ ਲਈ ਖੇਡਣ ਵਾਲੇ ਰਾਮੋਸ ਦਾ ਇਹ ਸਪੇਨ ਵੱਲੋਂ 20ਵਾਂ ਗੋਲ ਰਿਹਾ ਜਦਕਿ ਪਿਛਲੇ ਅੱਠ ਮੁਕਾਬਲਿਆਂ ਵਿਚ ਉਨ੍ਹਾਂ ਨੇ ਸੱਤਵਾਂ ਗੋਲ ਕੀਤਾ। ਇਸ ਤੋਂ ਬਾਅਦ ਦੂਜੇ ਅੱਧ ਵਿਚ ਬਦਲਵੇਂ ਖਿਡਾਰੀ ਦੇ ਤੌਰ 'ਤੇ ਮੈਦਾਨ ਵਿਚ ਉਤਰਨ ਵਾਲੇ ਮੋਰਾਤਾ ਨੇ ਸਪੇਨ ਨੂੰ ਮਿਲੀ ਦੂਜੀ ਪੈਨਲਟੀ ਨੂੰ 85ਵੇਂ ਮਿੰਟ ਵਿਚ ਗੋਲ ਵਿਚ ਪਹੁੰਚਾ ਕੇ ਆਪਣੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਰੀਅਲ ਸੋਸੀਏਦਾਦ ਦੇ ਸਟ੍ਰਾਈਕਰ ਮਾਈਕਲ ਆਇਆਰਜਬਾਲ ਨੇ ਤੈਅ ਸਮੇਂ ਤੋਂ ਤਿੰਨ ਮਿੰਟ ਪਹਿਲਾਂ ਗੋਲ ਕਰ ਕੇ ਸਪੇਨ ਦੀ ਜਿੱਤ ਵਿਚ ਆਪਣੀ ਭੂਮਿਕਾ ਨਿਭਾਈ। ਇਸ ਜਿੱਤ ਨਾਲ ਕੋਚ ਲੁਇਸ ਐਨਰਿਕਸ ਦੀ ਸਪੈਨਿਸ਼ ਟੀਮ ਚਾਰ ਮੈਚਾਂ ਵਿਚ 12 ਅੰਕ ਲੈ ਕੇ ਆਪਣੇ ਗਰੁੱਪ ਵਿਚ ਚੋਟੀ 'ਤੇ ਬਣੀ ਹੋਈ ਹੈ। ਉਸ ਨੇ ਸਵੀਡਨ ਤੇ ਰੋਮਾਨੀਆ 'ਤੇ ਪੰਜ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਹਰ ਗਰੁੱਪ ਤੋਂ ਚੋਟੀ ਦੀਆਂ ਦੋ ਟੀਮਾਂ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇਸੇ ਗਰੁੱਪ ਵਿਚ ਰੋਮਾਨੀਆ ਨੇ ਮਾਲਟਾ ਨੂੰ 4-0 ਨਾਲ ਮਾਤ ਦਿੱਤੀ ਜਦਕਿ ਨਾਰਵੇ ਨੇ ਫਾਰੋਈ ਆਈਸਲੈਂਡ ਨੂੰ 2-0 ਨਾਲ ਹਰਾਇਆ।

ਆਇਰਲੈਂਡ ਵੀ 1-0 ਦੇ ਫ਼ਰਕ ਨਾਲ ਜਿੱਤਿਆ :

ਮਾਰਚ ਵਿਚ ਜਿਬ੍ਰਾਲਟਰ ਨੂੰ 1-0 ਨਾਲ ਹਰਾਉਣ ਵਾਲੀ ਆਇਰਲੈਂਡ ਦੀ ਟੀਮ ਨੇ ਗਰੁੱਪ-ਡੀ ਵਿਚ ਸੋਮਵਾਰ ਇਸੇ ਟੀਮ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਆਇਰਿਸ਼ ਟੀਮ ਚਾਰ ਮੈਚਾਂ ਤੋਂ 10 ਅੰਕ ਲੈ ਕੇ ਚੋਟੀ 'ਤੇ ਕਾਬਜ ਹੈ। ਆਇਰਲੈਂਡ ਨੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਕਾਬਜ ਡੈਨਮਾਰਕ ਤੋਂ ਪੰਜ ਅੰਕਾਂ ਦੀ ਬੜ੍ਹਤ ਹਾਸਲ ਕਰ ਲਈ। ਡੈਨਮਾਰਕ ਨੇ ਜਾਰਜੀਆ ਨੂੰ 5-1 ਨਾਲ ਹਰਾਇਆ। ਓਧਰ ਗਰੁੱਪ ਜੀ ਵਿਚ ਪੋਲੈਂਡ ਨੇ ਇਜ਼ਰਾਈਲ ਨੂੰ 4-0 ਨਾਲ ਹਰਾਇਆ ਜਿੱਥੇ ਉਸ ਦੇ ਸਟਾਰ ਖਿਡਾਰੀ ਰਾਬਰਟੋ ਲੇਵਾਂਦੋਵੋਸਕੀ ਨੇ ਗੋਲ ਕੀਤਾ।