ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਆਪਣੇ ਹਮਾਲਵਰ ਰੁਖ ਲਈ ਅੱਜ ਵੀ ਮਸ਼ਹੂਰ ਹੈ। ਕਪਤਾਨੀ ਦੇ ਮਾਮਲੇ 'ਚ ਜੇ ਕਿਸੇ ਭਾਰਤੀ ਖਿਡਾਰੀ 'ਚ ਸਭ ਤੋਂ ਜ਼ਿਆਦਾ ਹਮਲਾਵਰਤਾ ਸੀ ਤਾਂ ਉਹ ਸੌਰਵ ਗਾਂਗੁਲੀ ਸਨ। ਲੇਕਿਨ ਹੁਣ ਇਸ ਸ਼ੈਲੀ ਲਈ ਵਿਰਾਟ ਕੋਹਲੀ ਜਾਣੇ ਜਾਂਦੇ ਹਨ ਪਰ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੁਰੂ ਕਰਦਾ ਹੈ, ਉਸ ਦਾ ਆਪਣਾ ਰੁਤਬਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਸੌਰਵ ਗਾਂਗੁਲੀ ਉਸ ਸਮੇਂ ਹਮਲਾਵਰ ਸਨ, ਜਦੋਂ ਦੁਨੀਆ ਦੀਆਂ ਬਾਕੀ ਟੀਮਾਂ ਭਾਰਤ ਨੂੰ ਕਮਜ਼ੋਰ ਸਮਝਦੀਆਂ ਸਨ।

2000 ਦੇ ਦਹਾਕੇ 'ਚ ਭਾਰਤ ਟੀਮ ਨੂੰ ਨਵਾਂ ਕਪਤਾਨ ਮਿਲਿਆ। ਇਸ ਦੌਰ 'ਚ ਭਾਰਤੀ ਟੀਮ ਨੇ ਵਿਦੇਸ਼ੀ ਧਰਤੀ 'ਤੇ ਵੀ ਜਿੱਤ ਦੀ ਸ਼ੁਰੂਆਤ ਕੀਤੀ। ਇਸ ਦਾ ਮਾਣ ਸੌਰਵ ਗਾਂਗੁਲੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਇਕ-ਇਕ ਖਿਡਾਰੀ 'ਚ ਅਜਿਹਾ ਆਤਮ-ਵਿਸ਼ਵਾਸ ਭਰਿਆ ਸੀ, ਜੋ ਵਿਦੇਸ਼ੀ ਟੀਮਾਂ ਦੇ ਛੱਕੇ ਛੁਡਾਉਣ ਲਈ ਕਾਫ਼ੀ ਸੀ। ਅਜਿਹਾ ਹੀ ਇਕ ਮੈਚ ਅੱਜ ਦੇ ਦਿਨ ਯਾਨੀ 13 ਜੁਲਾਈ, 2002 ਨੂੰ ਲਾਰਡਜ਼ ਦੇ ਮੈਦਾਨ 'ਚ ਮੈਦਾਨ 'ਚ ਖੇਡਿਆ ਗਿਆ ਸੀ, ਜਿਸ ਨੂੰ ਹੁਣ 18 ਸਾਲ ਹੋ ਗਏ ਹਨ।

ਦਰਅਸਲ ਇਸ ਦਿਨ ਭਾਰਤ ਤੇ ਮੇਜ਼ਬਾਨ ਇੰਗਲੈਂਡ ਦਰਮਿਆਨ ਨੈਟਵੇਸਟ ਦਾ ਫਾਈਨਲ ਮੈਚ ਖੇਡਿਆ ਸੀ। ਟਰਾਫੀ ਦਾ ਇਹ ਮੈਚ ਇਸ ਲਈ ਵੀ ਰੋਮਾਂਚਕ ਸੀ ਕਿਉਂਕਿ ਇਸ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 300 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਮੇਜ਼ਬਾਨ ਟੀਮ ਦੇ ਦੋ ਖਿਡਾਰੀਆਂ ਨੇ ਸੈਂਕੜੇ ਵੀ ਮਾਰੇ ਸਨ ਪਰ ਭਾਰਤੀ ਟੀਮ ਦੇ ਕਿਸੇ ਵੀ ਖਿਡਾਰੀ ਨੇ ਸੈਂਕੜਾ ਨਹੀਂ ਮਾਰਿਆ ਸੀ। ਇਸ ਦੇ ਬਾਵਜੂਦ ਭਾਰਤੀ ਟੀਮ ਨੇ ਬਾਜ਼ੀ ਮਾਰ ਕੇ ਟਰਾਫੀ ਦਾ ਫਾਈਨਲ ਜਿੱਤਿਆ ਸੀ।

ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ 'ਚ 5 ਵਿਕਟਾਂ 'ਤੇ 325 ਦੌੜਾਂ ਬਣਾਈਆਂ ਸਨ। ਓਪਨਰ ਮਾਰਕਸ ਨੇ 100 ਗੇਂਦਾਂ 'ਚ 109 ਦੌੜਾਂ ਤੇ ਕਪਤਾਨ ਨਾਸੇਰ ਹੁਸੈਨ ਨੇ 128 ਗੇਂਦਾਂ 'ਚ 115 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਜ਼ਹੀਰ ਖ਼ਾਨ ਨੇ 3 ਵਿਕਟਾਂ ਲਈਆਂ ਸਨ, ਉਥੇ ਹੀ 326 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਲਈ ਭਾਰਤੀ ਟੀਮ ਵੱਲੋਂ ਸੌਰਵ ਗਾਂਗੁਲੀ ਤੇ ਵੀਰੇਂਦਰ ਸਹਿਵਾਗ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਹੀ ਓਪਨਰਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ।


ਅੱਧੇ ਤੋਂ ਜ਼ਿਆਦਾ ਦੌੜਾਂ ਬਣੀਆਂ ਸਨ ਤੇ ਟੀਮ ਦੇ 5 ਵੱਡੇ ਬੱਲੇਬਾਜ਼ ਆਊਟ ਹੋ ਚੁੱਕੇ ਸਨ। ਇਸ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਤੇ ਸੱਜੇ ਹੱਥ ਦੇ ਬੱਲੇਬਾਜ਼ ਮੁਹੰਮਦ ਕੈਫ 'ਚ ਸਾਂਝੇਦਾਰੀ ਬਣਨੀ ਸ਼ੁਰੂ ਹੋਈ। ਦੋਵਾਂ ਨੇ ਪਹਿਲਾਂ ਟੀਮ ਦੇ ਸਕੋਰ ਨੂੰ 200 ਤੋਂ ਪਾਰ ਲਿਆਂਦਾ ਤੇ ਫਿਰ ਟੀਮ 250 ਵੀ ਪਾਰ ਕਰ ਗਈ ਪਰ 69 ਦੌੜਾਂ 'ਤੇ ਯੁਵੀ ਆਊਟ ਹੋ ਗਿਆ। ਬਾਅਦ 'ਚ ਹਰਭਜਨ ਸਿੰਘ ਤੇ ਕੈਫ ਨੇ ਪਾਰੀ ਨੂੰ ਅੱਗੇ ਵਧਾਇਆ ਪਰ ਭਜੀ ਵੀ ਚੱਲਦੇ ਬਣੇ। ਭਜੀ ਤੋਂ ਬਾਅਦ ਕੁੰਬਲੇ ਵੀ ਆਊਟ ਹੋ ਗਏ। 47.5 ਓਵਰਾਂ 'ਚ 314 ਦੌੜਾਂ 'ਤੇ ਟੀਮ ਦੀਆਂ 8 ਵਿਕਟਾਂ ਡਿੱਗ ਚੁੱਕੀਆਂ ਸਨ। ਬੱਲੇਬਾਜ਼ ਵਜੋਂ ਸਿਰਫ਼ ਕੈਫ ਬਚੇ ਸਨ। ਕੈਫ ਸਮਝਦਾਰੀ ਨਾਲ ਖੇਡਿਆ ਤੇ ਹੌਲੀ-ਹੌਲੀ ਟੀਚੇ ਦੇ ਨੇੜੇ ਪਹੁੰਚ ਗਏ। 49ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਉਸ ਨੇ ਚੌਕਾ ਮਾਰਿਆ ਤੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾ ਦਿੱਤਾ। ਬਾਕੀ ਦਾ ਕੰਮ ਜ਼ਹੀਰ ਖ਼ਾਨ ਨੇ ਜਿਵੇਂ-ਤਿਵੇਂ 2 ਦੌੜਾਂ ਬਣਾ ਕੇ ਪੂਰਾ ਕਰ ਦਿੱਤਾ। ਇਹ ਮੈਚ ਤੇ ਖਿਤਾਬ ਭਾਰਤੀ ਟੀਮ ਜਿੱਤ ਗਈ ਸੀ ਤੇ ਉਧਰ ਲਾਰਡਜ਼ ਦੀ ਬਾਲਕੋਨੀ 'ਚ ਖੜ੍ਹੇ ਕਪਤਾਨ ਸੌਰਵ ਗਾਂਗੁਲੀ ਨੇ ਟੀ-ਸ਼ਰਟ ਲਹਿਰਾ ਦਿੱਤੀ।

ਮੰਨਿਆ ਜਾਂਦਾ ਹੈ ਕਿ ਦਾਦਾ ਯਾਨੀ ਸੌਰਵ ਗਾਂਗੁਲੀ ਨੇ ਆਪਣੀ ਟੀ-ਸ਼ਰਟ ਉਤਾਰ ਕੇ ਹਵਾ 'ਚ ਇਸ ਲਈ ਲਹਿਰਾਈ ਸੀ ਕਿਉਂਕਿ ਉਸੇ ਸਾਲ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇੰਗਲੈਂਡ ਦੇ ਖਿਡਾਰੀ ਐਂਡਰਿਊ ਫਿਲਟਾਫ ਨੇ ਇਕ ਦਿਨਾ ਮੈਚ 'ਚੋਂ ਮਿਲੀ ਜਿੱਤ ਦਾ ਜਸ਼ਨ ਆਪਣੀ ਜਰਸੀ ਨੂੰ ਹਵਾ 'ਚ ਲਹਿਰਾ ਕੇ ਮਨਾਇਆ ਸੀ। ਇੰਗਲੈਂਡ ਨੇ ਉਸ ਸੀਰੀਜ਼ ਨੂੰ 3-3 ਨਾਲ ਬਰਾਬਰ ਕੀਤਾ ਸੀ, ਜਿਸ ਤੋਂ ਬਾਅਦ ਫਿਲਟਾਫ ਟੀ-ਸ਼ਰਟ ਲਹਿਰਾਉਂਦਾ ਹੋਇਆ ਮੈਦਾਨ 'ਚ ਘੁੰਮਿਆ ਸੀ, ਜਿਸ ਦਾ ਜਵਾਬ ਉਨ੍ਹਾਂ ਦੇ ਘਰ 'ਚ ਹਮਾਲਵਰ ਦਾਦਾ ਨੇ ਦਿੱਤਾ ਸੀ।

Posted By: Harjinder Sodhi