ਮੈਡਰਿਡ (ਏਐੱਫਪੀ) : ਦਿੱਗਜ ਸਟ੍ਰਾਈਕਰ ਲਿਓਨ ਮੈਸੀ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ 'ਚ 35ਵੀਂ ਹੈਟਿ੍ਕ ਦੇ ਨਾਲ ਨਵਾਂ ਰਿਕਾਰਡ ਬਣਾਇਆ ਜਿਸ ਨਾਲ ਬਾਰਸੀਲੋਨਾ ਦੀ ਟੀਮ ਰੀਅਲ ਮਾਲੋਰਕਾ ਨੂੰ 5-2 ਦੇ ਫ਼ਰਕ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਪੁੱਜ ਗਈ। ਮੈਸੀ ਦੇ ਤਿੰਨ ਗੋਲਾਂ ਤੋਂ ਇਲਾਵਾ ਏਂਟੋਨੀ ਗ੍ਰੀਜਮੈਨ ਤੇ ਲੁਇਸ ਸੁਆਰੇਜ ਨੇ ਵੀ ਬਾਰਸੀਲੋਨਾ ਵੱਲੋਂ ਇਕ-ਇਕ ਗੋਲ ਕੀਤਾ। ਹਾਲਾਂਕਿ ਮੈਸੀ ਨੇ ਇਸ ਮੈਚ ਵਿਚ ਇਕ ਖ਼ਾਸ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਲਾ ਲੀਗਾ ਵਿਚ ਸਭ ਤੋਂ ਜ਼ਿਆਦਾ ਹੈਟਿ੍ਕ ਬਣਾਉਣ ਦੇ ਮਾਮਲੇ ਵਿਚ ਕ੍ਰਿਸਟੀਆਨੋ ਰੋਨਾਲਡੋ ਨੂੰ ਪਛਾੜ ਦਿੱਤਾ। ਮੈਸੀ ਨੇ 35ਵੀਂ ਹੈਟਿ੍ਕ ਲਾਈ ਜਦਕਿ ਰੋਨਾਲਡੋ ਇਸ ਲੀਗ ਵਿਚ 34 ਹੈਟਿ੍ਕਾਂ ਲਾ ਚੁੱਕੇ ਹਨ। ਮਾਲੋਰਕਾ ਵੱਲੋਂ ਦੋਵੇਂ ਗੋਲ ਏਂਟੇ ਬੁਡਮਿਰ ਨੇ ਕੀਤੇ।

ਲਾਜੀਓ ਨੇ ਜੁਵੈਂਟਸ ਨੂੰ 1-3 ਨਾਲ ਹਰਾਇਆ

ਤੁਰਿਨ (ਏਐੱਫਪੀ) : ਪਿਛਲੀ ਵਾਰ ਦੀ ਚੈਂਪੀਅਨ ਜੁਵੈਂਟਸ ਨੂੰ ਲਾਜੀਓ ਖ਼ਿਲਾਫ਼ ਰੋਮ ਵਿਚ 1-3 ਨਾਲ ਸੈਸ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸਿਰੀ-ਏ ਫੁੱਟਬਾਲ ਲੀਗ ਵਿਚ ਖ਼ਿਤਾਬ ਦੀ ਦੌੜ ਰੋਮਾਂਚਕ ਹੋ ਗਈ ਹੈ। ਅੱਠ ਵਾਰ ਦੀ ਜੁਵੈਂਟਸ ਦੀ ਟੀਮ ਇਸ ਹਾਰ ਨਾਲ ਦੂਜੇ ਸਥਾਨ 'ਤੇ ਹੈ। ਇੰਟਰ ਮਿਲਾਨ ਦੀ ਟੀਮ 15 ਮੈਚਾਂ ਵਿਚ 38 ਅੰਕਾਂ ਨਾਲ ਚੋਟੀ 'ਤੇ ਚੱਲ ਰਹੀ ਹੈ ਜਦਕਿ ਜੁਵੈਂਟਸ ਦੇ ਇੰਨੇ ਹੀ ਮੈਚਾਂ ਵਿਚ ਉਸ ਤੋਂ ਦੋ ਅੰਕ ਘੱਟ ਹਨ। ਤੀਜੇ ਸਥਾਨ 'ਤੇ ਚੱਲ ਰਹੀ ਲਾਜੀਓ ਦੇ ਵੀ 15 ਮੈਚਾਂ ਵਿਚ 33 ਅੰਕ ਹਨ।