ਬਾਰਸੀਲੋਨਾ (ਰਾਇਟਰ) : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਬਾਰਸੀਲੋਨਾ ਨੇ ਮੰਗਲਵਾਰ ਨੂੰ ਰੀਅਲ ਵਾਲਾਡੋਲਿਡ ਨੂੰ 5-1 ਨਾਲ ਕਰਾਰੀ ਮਾਤ ਦੇ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਇਸ ਦੌਰਾਨ ਬਾਰਸੀਲੋਨਾ ਦੇ ਕਪਤਾਨ ਲਿਓਨ ਮੈਸੀ ਨੇ ਦੋ ਗੋਲ ਕਰਨ ਤੋਂ ਇਲਾਵਾ ਗੋਲ ਕਰਨ ਦੇ ਦੋ ਮੌਕੇ ਵੀ ਤਿਆਰ ਕੀਤੇ। ਕੈਂਪ ਨਾਊ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਕਲੇਮੇਂਟ ਲੇਂਗਲੇਟ ਦੇ ਗੋਲ ਦੀ ਬਦੌਲਤ ਬਾਰਸੀਲੋਨਾ ਨੇ ਦੂਜੇ ਹੀ ਮਿੰਟ ਵਿਚ ਬੜ੍ਹਤ ਹਾਸਲ ਕੀਤੀ ਪਰ ਰੀਅਲ ਵਾਲਾਡੋਲਿਡ ਦੇ ਕਿਕੋ ਓਲਿਵਾਸ (15ਵੇਂ ਮਿੰਟ) ਨੇ ਗੋਲ ਕਰ ਕੇ ਸਕੋਰ ਨੂੰ ਬਰਾਬਰੀ 'ਤੇ ਲਿਆ ਦਿੱਤਾ। ਇਸ ਤੋਂ ਬਾਅਦ ਮੈਸੀ ਦੇ ਪਾਸ 'ਤੇ ਅਰਤੁਰੋ ਵਿਡਲ (29ਵੇਂ ਮਿੰਟ) ਨੇ ਗੋਲ ਕਰ ਕੇ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ। ਇਸੇ ਵਿਚਾਲੇ ਅਰਜਨਟੀਨੀ ਦਿੱਗਜ ਮੈਸੀ (34ਵੇਂ ਤੇ 75ਵੇਂ ਮਿੰਟ) ਨੇ ਪਹਿਲਾਂ ਇਕ ਸ਼ਾਨਦਾਰ ਫ੍ਰੀ ਕਿੱਕ ਰਾਹੀਂ ਗੋਲ ਕੀਤਾ ਤੇ ਫਿਰ ਆਪਣਾ ਦੂਜਾ ਗੋਲ ਕਰਨ ਤੋਂ ਬਾਅਦ ਲੁਇਸ ਸੁਆਰੇਜ (77ਵੇਂ ਮਿੰਟ) ਲਈ ਇਕ ਗੋਲ ਦਾ ਮੌਕਾ ਵੀ ਤਿਆਰ ਕੀਤਾ। ਇਸ ਜਿੱਤ ਨਾਲ ਬਾਰਸੀਲੋਨਾ ਅੰਕ ਸੂਚੀ ਵਿਚ 10 ਮੁਕਾਬਲਿਆਂ ਵਿਚ 22 ਅੰਕਾਂ ਨਾਲ ਚੋਟੀ 'ਤੇ ਪੁੱਜ ਗਿਆ ਹੈ।

ਮੈਨੇਜਰ ਵਾਲਵਰਡੇ ਹੋਏ ਮੈਸੀ ਦੇ ਕਾਇਲ

ਮੈਸੀ ਨੇ ਸਾਰੀਆਂ ਚੈਂਪੀਅਨਸ਼ਿਪਾਂ ਦੇ ਪਿਛਲੇ ਚਾਰ ਮੁਕਾਬਲਿਆਂ ਵਿਚ ਚਾਰ ਗੋਲ ਕੀਤੇ ਜਦਕਿ ਬਾਰਸੀਲੋਨਾ ਦੇ ਮੈਨੇਜਰ ਇਰਨੇਸਟੋ ਵਾਲਵਰਡੇ ਦੇ ਮਾਰਗਦਰਸ਼ਨ ਵਿਚ ਆਪਣਾ 100ਵਾਂ ਗੋਲ ਪੂਰਾ ਕੀਤਾ। ਇਸ ਮੁਕਾਬਲੇ ਵਿਚ ਵਾਲਵਰਡੇ ਮੈਸੀ ਦੀ ਖੇਡ ਦੇ ਕਾਇਲ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਸੀ ਨੂੰ ਲੈ ਕੇ ਮੈਂ ਹੋਰ ਕੀ ਕਹਿ ਸਕਦਾ ਹਾਂ। ਉਨ੍ਹਾਂ ਦੇ ਪੈਰਾਂ ਵਿਚ ਜਾਦੂ ਹੈ। ਤੁਸੀਂ ਸਿਰਫ਼ ਉਨ੍ਹਾਂ ਦੀ ਸ਼ਲਾਘਾ ਕਰ ਸਕਦੇ ਹੋ ਤੇ ਮਜ਼ਾ ਲੈ ਸਕਦੇ ਹੋ। ਮੈਸੀ ਨੇ ਆਪਣੇ ਇਸ ਪ੍ਰਦਰਸ਼ਨ ਤੋਂ ਸਪੱਸ਼ਟ ਕਰ ਦਿੱਤਾ ਕਿ ਉਹ ਫਿੱਟ ਹਨ ਤੇ ਉਹ ਆਪਣੀ ਪੁਰਾਣੀ ਲੈਅ ਵਿਚ ਮੁੜ ਆਏ ਹਨ।