ਲੰਡਨ (ਰਾਇਟਰ) : ਅਰਜਨਟੀਨਾ ਦੇ ਮਿਡਫੀਲਡਰ ਜਿਓਵਾਨੀ ਲੋ ਸੇਲਸੋ ਤੇ ਏਰਿਕ ਲਾਮੇਲਾ ਦੇ ਗੋਲਾਂ ਦੇ ਦਮ 'ਤੇ ਇੰਗਲਿਸ਼ ਐੱਫਏ ਕੱਪ ਦੇ ਤੀਜੇ ਗੇੜ ਵਿਚ ਟਾਟੇਨਹਮ ਹਾਟਸਪਰ ਨੇ ਮਿਡਲਸਬਰੋ ਨੂੰ 2-1 ਨਾਲ ਹਰਾ ਦਿੱਤਾ। ਲੋ ਸੇਲਸੋ ਨੇ ਘਰੇਲੂ ਮੈਦਾਨ 'ਤੇ ਖੇਡ ਦੇ ਦੂਜੇ ਹੀ ਮਿੰਟ ਵਿਚ ਗੋਲ ਕਰ ਕੇ ਟਾਟੇਨਹਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ 15ਵੇਂ ਮਿੰਟ ਵਿਚ ਲਾਮੇਲਾ ਦੇ ਗੋਲ ਦੀ ਮਦਦ ਨਾਲ ਟਾਟੇਨਹਮ 2-0 ਨਾਲ ਅੱਗੇ ਹੋ ਗਿਆ। ਦੂਜੇ ਟੀਅਰ ਦੇ ਕਲੱਬ ਮਿਡਲਸਬਰੋ ਲਈ ਇਕਲੌਤਾ ਗੋਲ 83ਵੇਂ ਮਿੰਟ ਵਿਚ ਜਾਰਜ ਸੇਵਿਲੇ ਨੇ ਕੀਤਾ। ਪਿਛਲੇ ਪੰਜ ਮੁਕਾਬਲਿਆਂ ਵਿਚ ਪਹਿਲੀ ਜਿੱਤ ਨਾਲ ਟਾਟੇਨਹਮ ਨੇ ਚੌਥੇ ਗੇੜ ਵਿਚ ਥਾਂ ਬਣਾ ਲਈ ਜਿੱਥੇ ਉਸ ਦਾ ਸਾਹਮਣਾ ਸਾਊਥੈਂਪਟਨ ਨਾਲ ਹੋਵੇਗਾ। ਮੁਕਾਬਲੇ ਦੌਰਾਨ ਜੋਸ ਮਾਰੀਨ੍ਹੋ ਦੀ ਟਾਟੇਨਹਮ ਟੀਮ ਆਪਣੀ ਪੂਰੀ ਛਾਪ ਛੱਡ ਸਕਣ ਵਿਚ ਨਾਕਾਮ ਰਹੀ। ਮਾਰੀਨ੍ਹੋ ਨੇ ਕਿਹਾ ਕਿ ਅੱਧੇ ਸਮੇਂ ਮੈਂ ਆਪਣੇ ਖਿਡਾਰੀਆਂ ਨੂੰ ਦੱਸਿਆ ਕਿ ਜੇ 3-0 ਨਾ ਹੋਇਆ ਤਾਂ 2-1 ਸਾਡੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਤੇ ਇਹੀ ਹੋਇਆ। ਬਤੌਰ ਮੈਨੇਜਰ 923 ਮੈਚਾਂ ਦੇ ਕਰੀਅਰ ਵਿਚ ਮਾਰੀਨ੍ਹੋ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਲਗਾਤਾਰ ਨੌਂ ਮੁਕਾਬਲਿਆਂ ਵਿਚ ਉਨ੍ਹਾਂ ਦੀ ਟੀਮ ਕਲੀਨ ਸ਼ੀਟ (ਬਿਨਾ ਗੋਲ ਖਾਧੇ) ਮੈਚ ਸਮਾਪਤ ਨਹੀਂ ਕਰ ਸਕੀ ਹੈ।

ਓਧਰ, ਸੇਂਟ ਜੋਂਸ ਵਿਚ ਮੰਗਲਵਾਰ ਨੂੰ ਖੇਡੇ ਗਏ ਤੀਜੇ ਗੇੜ ਦੇ ਮੁਕਾਬਲੇ ਵਿਚ ਨਿਊਕੈਸਲ ਯੂਨਾਈਟਿਡ ਨੇ ਤੀਜੇ ਟੀਅ ਰਦੇ ਕਲੱਬ ਰੋਚਡਾਲੇ ਨੂੰ 4-1 ਨਾਲ ਹਰਾ ਦਿੱਤਾ ਜਿੱਥੇ ਪਿਛਲੇ ਅਗਸਤ ਤੋਂ ਬਾਅਦ ਤੋਂ ਗੋਲ ਦਾ ਸੋਕਾ ਸਹਿ ਰਹੇ ਜੋਲੀਂਟੋਨ ਨੇ ਸਕੋਰ ਕੀਤਾ। ਨਿਊਕੈਸਲ ਲਈ ਮੈਥਿਊ ਲੋਂਗਸਟਾਫ, ਮਿਗਊਲ ਏਲਮੀਰੋਨ ਤੇ ਜੋਲੀਂਟੋਨ ਦੇ ਗੋਲ ਕਰਨ ਤੋਂ ਪਹਿਲਾਂ ਰੋਚਡਾਲੇ ਦੇ ਇਓਗਾਨ ਓਕੋਨੇਲ ਆਤਮਘਾਤੀ ਗੋਲ ਕਰ ਬੈਠੇ। ਉਥੇ ਖੇਡ ਦੇ ਆਖ਼ਰੀ ਸਮੇਂ ਰੋਚਡਾਲੇ ਲਈ ਇਕਲੌਤਾ ਗੋਲ ਜਾਰਡਨ ਵਿਲੀਅਮਜ਼ ਨੇ ਕੀਤਾ।