ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਤਜਰਬੇਕਾਰ ਮੁੱਕੇਬਾਜ਼ ਐੱਮਸੀ ਮੈਰੀ ਕਾਮ ਦਾ ਏਸ਼ੀਆਈ ਚੈਂਪੀਅਨਸ਼ਿਪ 'ਚ ਕਈ ਸਾਲ ਤੋਂ ਦਬਦਬਾ ਰਿਹਾ ਹੈ ਪਰ ਇਸ ਵਾਰ ਓਲੰਪਿਕ ਤੋਂ ਪਹਿਲਾਂ ਤਿਆਰੀ ਦੇ ਮੱਦੇਨਜ਼ਰ ਉਨ੍ਹਾਂ ਲਈ ਇਹ ਮੈਡਲ ਜਿੱਤਣ ਦੇ ਇਕ ਹੋਰ ਮੌਕੇ ਤੋਂ ਵੱਧ ਹੈ ਕਿਉਂਕਿ ਕੋਰੋਨਾ ਸੰਕਟ ਕਾਰਨ ਭਾਰਤੀ ਮੁੱਕੇਬਾਜ਼ਾਂ ਦੀਆਂ ਤਿਆਰੀਆਂ 'ਤੇ ਉਲਟਾ ਅਸਰ ਪਿਆ ਹੈ। ਮੈਰੀ ਕਾਮ (51 ਕਿਗ੍ਰਾ) ਨੇ ਇਸ ਮੁਕਾਬਲੇ 'ਚ ਸੱਤ ਵਾਰ ਹਿੱਸਾ ਲੈ ਕੇ ਪੰਜ ਵਾਰ ਗੋਲਡ ਮੈਡਲ ਜਿੱਤਿਆ ਹੈ।

ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ 24 ਤੋਂ ਦੁਬਈ 'ਚ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ। ਉਨ੍ਹਾਂ ਕਿਹਾ, 'ਮੈਂ ਮੁਕਾਬਲੇ 'ਚ ਹਿੱਸਾ ਲੈਣ ਲਈ ਬੇਤਾਬ ਹਾਂ। ਕੋਰੋਨਾ ਮਹਾਮਾਰੀ ਕਾਰਨ ਟੂਰਨਾਮੈਂਟ ਹੀ ਨਹੀਂ ਹੋ ਰਹੇ ਅਤੇ ਓਲੰਪਿਕ ਤੋਂ ਪਹਿਲਾਂ ਖ਼ੁਦ ਦਾ ਮੁਲਾਂਕਣ ਕਰਨ ਲਈ ਇਸ 'ਚ ਹਿੱਸਾ ਲੈਣਾ ਜ਼ਰੂਰੀ ਹੈ।'

ਓਲੰਪਿਕ ਜਮ ਵਾਲੇ ਕੁਝ ਹੋਰ ਮਹਿਲਾ ਮੁੱਕੇਬਾਜ਼ਾਂ ਨਾਲ ਮੈਰੀ ਕਾਮ ਪੁਣੇ 'ਚ ਤਿਆਰੀ ਕਰ ਰਹੀ ਹੈ। ਪਿਛਲੇ ਮਹੀਨੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਬਾਇਓ-ਬਬਲ 'ਚ ਕੋਰੋਨਾ ਇਨਫੈਕਸ਼ਨ ਕਾਰਨ ਦਿੱਲੀ 'ਚ ਕੈਂਪ ਬੰਦ ਕਰ ਦਿੱਤਾ ਗਿਆ ਸੀ। ਮੈਰੀ ਕਾਮ ਨੇ ਕਿਹਾ, 'ਇਹ ਆਸਾਨ ਨਹੀਂ ਸੀ। ਮੈਂ ਮਾਰਚ 'ਚ ਸਪੇਨ 'ਚ ਟੂਰਨਾਮੈਂਟ ਖੇਡ ਕੇ ਘਰ ਵਾਪਸ ਆਈ ਸੀ। ਮੇਰੇ ਬੱਚਿਆਂ ਦੀ ਤਬੀਅਤ ਖ਼ਰਾਬ ਸੀ। ਫਿਰ ਕੋਰੋਨਾ ਕਾਰਨ ਦਿੱਲੀ ਦਾ ਕੈਂਪ ਰੱਦ ਹੋ ਗਿਆ। ਕਈ ਕਾਰਨਾਂ ਕਰਕੇ ਅਭਿਆਸ ਪ੍ਰਰੋਗਰਾਮ 'ਚ ਅੜਿੱਕਾ ਪੈਂਦਾ ਰਿਹਾ ਇਸ ਲਈ ਏਸ਼ੀਆਈ ਚੈਂਪੀਅਨਸ਼ਿਪ ਅਹਿਮ ਹੈ ਕਿਉਂਕਿ ਤਿਆਰੀ ਲਈ ਮੁਕਾਬਲੇ ਤੋਂ ਬਿਹਤਰ ਕੁਝ ਨਹੀਂ ਹੁੰਦਾ।'

ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਗੇ ਕੌਸ਼ਿਕ ਤੇ ਸਤੀਸ਼

ਨਵੀਂ ਦਿੱਲੀ (ਆਈਏਐੱਨਐੱਸ) : ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਮੁੱਕੇਬਾਜ਼ ਮਨੀਸ਼ ਕੌਸ਼ਿਕ ਤੇ ਸਤੀਸ਼ ਕੁਮਾਰ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਉਹ ਫਿਲਹਾਲ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਕੌਮੀ ਕੈਂਪ ਨਾਲ ਜੁੜੇ ਇਕ ਕੋਚ ਨੇ ਕਿਹਾ ਕਿ ਚੰਗੀ ਖ਼ਬਰ ਇਹ ਹੈ ਕਿ ਕੌਸ਼ਿਕ ਦੀ ਹਾਲੀਆ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਪਰ ਉਨ੍ਹਾਂ ਨੇ ਅਜੇ ਆਮ ਵਾਂਗ ਟ੍ਰੇਨਿੰਗ ਸ਼ੁਰੂ ਨਹੀਂ ਕੀਤੀ ਤੇ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਉਹ ਏਸ਼ੀਅਨ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲੈਣਗੇ।