ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਚੈਂਪੀਅਨ ਅਤੇ ਓਲੰਪਿਕ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਅਤੇ ਕੈਨੇਡਾ ਦੇ ਵਿਸ਼ਵ 'ਚ 11ਵੇਂ ਨੰਬਰ ਦੇ ਖਿਡਾਰੀ ਮਾਈਕਲ ਲੀ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਬਿਲੀਵ ਇਨ ਸਪੋਰਟਸ ਮੁਹਿੰਮ ਲਈ ਖਿਡਾਰੀਆਂ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ। ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਿੰਧੂ ਅਤੇ ਲੀ ਦੋਵੇਂ ਪਿਛਲੇ ਸਾਲ ਅਪ੍ਰਰੈਲ ਤੋਂ ਬੀਡਬਲਯੂਐੱਫ ਦੇ ਆਈਐੱਮ ਬੈਡਮਿੰਟਨ ਮੁਹਿੰਮ ਦੇ ਕੌਮਾਂਤਰੀ ਅੰਬੈਸਡਰ ਹਨ। ਸਿੰਧੂ ਨੇ ਕਿਹਾ, 'ਆਈਓਸੀ ਵੱਲੋਂ ਅੰਬੈਸਡਰ ਨਾਮਜ਼ਦ ਕੀਤਾ ਜਾਣਾ ਸਨਮਾਨ ਵਾਲੀ ਗੱਲ ਹੈ। ਮੈਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਮੁਕਾਬਲੇਬਾਜ਼ੀ 'ਚ ਹੇਰ-ਫੇਰ ਦੇ ਖ਼ਿਲਾਫ਼ ਆਪਣੇ ਸਾਥੀ ਖਿਡਾਰੀਆਂ ਨਾਲ ਖੜ੍ਹੀ ਹਾਂ। ਅਸੀਂ ਇੱਕਠੇ ਹਾਂ ਤਾਂ ਮਜ਼ਬੂਤ ਹਾਂ।' ਸਿੰਧੂ ਦੀ ਸ਼ਲਾਘਾ ਕਰਦੇ ਹੋਏ ਭਾਰਤੀ ਬੈਡਮਿੰਟਨ ਸੰਘ ਦੇ ਮੁੱਖ ਸਕੱਤਰ ਅਜੇ ਸਿੰਘਾਨੀਆ ਨੇ ਕਿਹਾ, 'ਇਹ ਖੇਡਾਂ ਪ੍ਰਤੀ ਉਨ੍ਹਾਂ ਦੀ ਸ਼ਰਧਾ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਮਾਨਤਾ ਹੈ। ਉਨ੍ਹਾਂ ਆਪਣੇ ਕਰੀਅਰ 'ਚ ਪੂਰੇ ਸਮਰਪਣ ਨਾਲ ਇਹ ਖੇਡ ਖੇਡੀ ਹੈ। ਅਸੀਂ ਆਪਣੀ ਚੈਂਪੀਅਨ ਖਿਡਾਰਨ ਦੇ ਵਿਸ਼ਵ ਪੱਧਰ ਦੇ ਇਸ ਸਨਮਾਨ ਲਈ ਚੁਣੇ ਜਾਣ ਤੋਂ ਬੇਹੱਦ ਖ਼ੁਸ਼ ਹਾਂ।