ਕੁਆਲਾਲੰਪੁਰ (ਪੀਟੀਆਈ) : ਦੋ ਵਾਰ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਇਥੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਸਖਤ ਮੁਕਾਬਲੇ ’ਚ ਚੀਨ ਦੀ ਹੀ ਬਿੰਗ ਜਿਯਾਓ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਦਾਖਲਾ ਲੈ ਲਿਆ ਪਰ ਸਾਈਨਾ ਨੇਹਵਾਲ ਲਗਾਤਾਰ ਦੂਜੇ ਟੂਰਨਾਮੈਂਟ ’ਚ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਈ।

ਸਿੰਧੂ ਨੇ ਲਗਪਗ ਇਕ ਘੰਟਾ ਚੱਲੇ ਮੈਚ ’ਚ ਬਿੰਗ ਜਿਯਾਓ ਨੂੰ 21-13, 17-21, 21-15 ਨਾਰ ਹਰਾਇਆ ਤੇ ਦੂਜੇ ਦੌਰ ’ਚ ਥਾਂ ਬਣਾ ਲਈ। ਇਸ ਜਿੱਤ ਨਾਲ ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਪਿਛਲੇ ਮਹੀਨੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਦੌਰ ’ਚ ਬਿੰਗ ਜਿਯਾਓ ਵਿਰੁੱਧ ਪਹਿਲੇ ਦੌਰ ’ਚ ਸਿੱਧੀਆਂ ਖੇਡਾਂ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਚੀਨ ਦੀ ਖਿਡਾਰਨ ਦਾ ਹੁਣ ਵੀ ਸਿੰਧੂ ਦੇ ਵਿਰੁੱਧ ਜਿੱਤ ਹਾਰ ਦਾ ਰਿਕਾਰਡ 10-9 ਹੈ।

ਦੂਜੇ ਪਾਸੇ, ਲੰਡਨ ਓਲੰਪਿਕਸ ਦੀ ਕਾਂਸੀ ਤਗਮਾ ਜੇਤੂ ਸਾਈਨਾ ਨੇਹਵਾਲ ਨੂੰ ਪਹਿਲੀ ਖੇਡ ਜਿੱਤਣ ਦੇ ਬਾਵਜੂਦ ਦੱਖਣੀ ਕੋਰੀਆ ਦੀ ਕਿਮ ਗਾ ਯੁਨ ਦੇ ਵਿਰੁੱਧ 21-16, 17-21, 14-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਦੁਨੀਆਂ ਦੀ 24ਵੇਂ ਨੰਬਰ ਦੀ ਖਿਡਾਰਨ ਸਾਈਨਾ ਨੇਹਵਾਲ ਪਿਛਲੇ ਹਫਤੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਦੌਰ ’ਚ ਹਾਰ ਕੇ ਬਾਹਰ ਹੋ ਗਈ ਸੀ। ਮਰਦ ਸਿੰਗਲਜ਼ ’ਚ ਬੀ ਸਾਈ ਪ੍ਰਣੀਤ ਤੇ ਪਾਰੂਪੱਲੀ ਕਸ਼ਯਪ ਵੀ ਜਿੱਤ ਦਰਜ ਕਰ ਕੇ ਦੂਜੇ ਦੌਰ ’ਚ ਥਾਂ ਬਣਾਉਣ ’ਚ ਸਫ਼ਲ ਰਹੇ।

ਪ੍ਰਣੀਤ ਨੇ ਇਕਪਾਸੜ ਮੈਚ ’ਚ ਅੱਧੇ ਘੰਟੇ ਤੋਂ ਵੀ ਘੱਟ ਸਮੇਂ ’ਚ ਗੁਆਟੇਮਾਲਾ ਦੇ ਕੋਵਿਨ ਕੋਰਡਨ ਨੂੰ 21-8, 21-9 ਨਾਲ ਹਰਾਇਆ, ਜਦਕਿ ਕਸ਼ਯਪ ਨੇ ਇਕ ਖੇਡ ਨਾਲ ਪੱਛਣਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਥਾਨਕ ਦਾਅਵੇਦਾਰ ਟਾਮੀ ਸੁਗੀਯਾਰਤੋ ਨੂੰ 16-21, 21-16, 21-16 ਨਾਲ ਹਰਾਇਆ।

ਸਮੀਨ ਵਰਮਾ ਨੂੰ ਸਖਤ ਮੁਕਾਬਲੇ ’ਚ ਚੀਨੀ ਤਾਈਪੇ ਦੇ ਟੀਐੱਨ ਚੇਨ ਵਿਰੁੱਧ 21-10, 12-21, 14-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ।

Posted By: Shubham Kumar