ਬਾਲੀ (ਪੀਟੀਆਈ) : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਿੰਧੂ ਨੇ ਤੁਰਕੀ ਦੀ ਨੇਸਲਿਹਾਨ ਯਿਜਿਟ ਨੂੰ ਸਿੱਧੀਆਂ ਗੇਮਾਂ ਵਿਚ ਹਰਾਇਆ।

ਮੌਜੂਦਾ ਵਿਸ਼ਵ ਚੈਂਪੀਅਨ ਤੇ ਤੀਜਾ ਦਰਜਾ ਹਾਸਲ ਸਿੰਧੂ ਨੇ ਗ਼ੈਰ ਦਰਜਾ ਵਿਰੋਧੀ ’ਤੇ 21-13, 21-10 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਯਿਜਿਟ ਖ਼ਿਲਾਫ਼ ਰਿਕਾਰਡ 4-0 ਦਾ ਹੋ ਗਿਆ ਹੈ। ਪਿਛਲੇ ਮਹੀਨੇ ਡੈਨਮਾਰਕ ਓਪਨ ਵਿਚ ਵੀ ਸਿੰਧੂ ਨੇ ਤੁਰਕੀ ਦੀ ਇਸ ਖਿਡਾਰਨ ਨੂੰ ਹਰਾਇਆ ਸੀ। ਹੁਣ ਤਕ ਸਿੰਧੂ ਨੂੰ ਆਸਾਨ ਵਿਰੋਧੀ ਮਿਲੇ ਹਨ ਪਰ ਹੁਣ ਔਖੇ ਮੁਕਾਬਲੇ ਸ਼ੁਰੂ ਹੋਣਗੇ। ਉਨ੍ਹਾਂ ਦਾ ਸਾਹਮਣਾ ਹੁਣ ਸਿਖਰਲਾ ਦਰਜਾ ਹਾਸਲ ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਪੰਜਵਾਂ ਦਰਜਾ ਹਾਸਲ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇਸ ਵਿਚਾਲ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨ ਐੱਚਐੱਸ ਪ੍ਰਣਯ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਾਬਕਾ ਨੰਬਰ-1 ਸ਼੍ਰੀਕਾਂਤ ਨੇ 2014 ਦੇ ਜੇਤੂ ਪ੍ਰਣਯ ਨੂੰ 39 ਮਿੰਟ ਤਕ ਚੱਲੇ ਮੁਕਾਬਲੇ ਵਿਚ 21-7, 21-18 ਨਾਲ ਹਰਾਇਆ। ਸ਼੍ਰੀਕਾਂਤ ਪਹਿਲੀ ਗੇਮ ਵਿਚ ਪੂਰੀ ਤਰ੍ਹਾਂ ਪ੍ਰਣਯ ’ਤੇ ਹਾਵੀ ਰਹੇ ਪਰ ਦੂਜੀ ਗੇਮ ਵਿਚ ਪ੍ਰਣਯ ਨੇ ਆਪਣੇ ਹਮਵਤਨ ਸਾਥੀ ਖਿਡਾਰੀ ਦੇ ਸਾਹਮਣੇ ਕੁਝ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਕੋਸ਼ਿਸ਼ਾਂ ਕਾਫੀ ਨਹੀਂ ਰਹੀਆਂ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Posted By: Susheel Khanna