ਜਕਾਰਤਾ (ਏਜੰਸੀ) : ਚੋਟੀ ਦੇ ਭਾਰਤੀ ਬੈਡਮਿੰਟਨ ਖਿਡਾਰੀਆਂ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਬੀਡਬਲਯੂਐੱਫ ਵਿਸ਼ਵ ਟੂਰ ਸੁਪਰ 100 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਦੇ ਪਹਿਲੇ ਗੇੜ ਵਿਚ ਜਿੱਤ ਦਰਜ ਕੀਤੀ। ਬੀਡਬਲਯੂਐੱਫ ਦੇ ਰੁੱਝੇ ਹੋਏ ਪ੍ਰੋਗਰਾਮ ਤੋਂ ਇਕ ਮਹੀਨੇ ਦੀ ਬ੍ਰੇਕ ਤੋਂ ਬਾਅਦ ਉਤਰੇ ਸਿੰਧੂ ਤੇ ਸ਼੍ਰੀਕਾਂਤ ਨੇ ਕ੍ਰਮਵਾਰ ਮਹਿਲਾ ਤੇ ਮਰਦ ਸਿੰਗਲਜ਼ ਦੇ ਪਹਿਲੇ ਗੇੜ ਵਿਚ ਜਾਪਾਨ ਦੇ ਖਿਡਾਰੀਆਂ ਅਇਆ ਓਹੋਰੀ ਤੇ ਕੇਂਤਾ ਨਿਸ਼ੀਮੋਤੋ ਨੂੰ ਹਰਾਇਆ।

ਸੈਸ਼ਨ ਦਾ ਪਹਿਲਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਵਿਚ ਰੁੱਝੀ ਪੰਜਵਾਂ ਦਰਜਾ ਹਾਸਿਲ ਸਿੰਧੂ ਨੇ ਓਹੋਰੀ ਨੂੰ ਸਖ਼ਤ ਮੁਕਾਬਲੇ ਵਿਚ 11-21, 21-15, 21-15 ਨਾਲ ਹਰਾਇਆ। ਇਸ ਸਾਲ ਇੰਡੀਆ ਓਪਨ ਦੇ ਫਾਈਨਲ ਵਿਚ ਪੁੱਜੇ ਅੱਠਵਾਂ ਦਰਜਾ ਸ਼੍ਰੀਕਾਂਤ ਨੇ ਨਿਸ਼ੀਮੋਤੋ ਨੂੰ ਸਿਰਫ਼ 38 ਮਿੰਟ ਵਿਚ 21-14, 21-13 ਨਾਲ ਮਾਤ ਦਿੱਤੀ। ਓਹੋਰੀ ਖ਼ਿਲਾਫ਼ ਸਿੰਧੂ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ ਜਦਕਿ ਸ਼੍ਰੀਕਾਂਤ ਨੇ ਨਿਸ਼ੀਮੋਤੋ ਖ਼ਿਲਾਫ਼ ਪੰਜਵੀਂ ਜਿੱਤ ਦਰਜ ਕੀਤੀ। ਨਿਸ਼ੀਮੋਤੋ ਨੇ ਛੇ ਮੁਕਾਬਲਿਆਂ ਵਿਚ ਸਿਰਫ਼ ਇਕ ਵਾਰ ਸ਼੍ਰੀਕਾਂਤ ਨੂੰ ਹਰਾਇਆ ਹੈ। ਦੁਨੀਆ ਦੀ ਪੰਜਵੇਂ ਨੰਬਰ ਦੀ ਖਿਡਾਰਨ ਸਿੰਧੂ ਦੂਜੇ ਗੇੜ ਵਿਚ ਡੈਨਮਾਰਕ ਦੀ ਮੀਆ ਬਲਿਕਫੇਲਟ ਤੇ ਹਾਂਗਕਾਂਗ ਦੀ ਯਿਪ ਪੁਈ ਯਿਨ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ। ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਅਗਲੇ ਗੇੜ ਵਿਚ ਫਰਾਂਸ ਦੇ ਬ੍ਰਾਈਸ ਲੇਵਰਡੇਜ ਤੇ ਹਾਂਗਕਾਂਗ ਦੇ ਐੱਨਜੀ ਲੋਂਗ ਏਂਗਸ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਬੀ ਸਾਈ ਪ੍ਰਣੀਤ ਹਾਲਾਂਕਿ ਹਾਂਗਕਾਂਗ ਦੇ ਵੋਂਗ ਵਿੰਗ ਕੀ ਵਿੰਸੇਂਟ ਖ਼ਿਲਾਫ਼ 15-21, 21-13, 10-21 ਨਾਲ ਹਾਰ ਕੇ ਚੈਂਪੀਅਨਸ਼ਿਪ 'ਚੋਂ ਬਾਹਰ ਹੋ ਗਏ।