ਕੁਆਲਾਲੰਪੁਰ (ਪੀਟੀਆਈ) : ਓਲੰਪਿਕ ਮੈਡਲ ਜੇਤੂ ਭਾਰਤੀ ਸ਼ਟਲਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਸ਼ੁੱਕਰਵਾਰ ਨੂੰ ਇੱਥੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤ ਦੀ ਮੁਹਿੰਮ ਵੀ ਸਮਾਪਤ ਹੋ ਗਈ। ਮਹਿਲਾ ਸਿੰਗਲਜ਼ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੂੰ ਚੋਟੀ ਦਾ ਦਰਜਾ ਹਾਸਲ ਤਾਈ ਜੂ ਯਿੰਗ ਹੱਥੋਂ ਜਦਕਿ ਸਾਇਨਾ ਨੂੰ ਸਪੇਨ ਦੀ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 2012 ਦੇ ਲੰਡਨ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸਾਇਨਾ ਕਿਤੇ ਵੀ ਮਾਰਿਨ ਦੀ ਬਰਾਬਰੀ ਕਰਦੀ ਨਹੀਂ ਦਿਖੀ ਜਿਨ੍ਹਾਂ ਨੇ ਅੱਧੇ ਘੰਟੇ ਵਿਚ ਭਾਰਤੀ ਖਿਡਾਰਨ ਦੀ ਚੁਣੌਤੀ 21-8, 21-7 ਨਾਲ ਸਮਾਪਤ ਕਰ ਦਿੱਤੀ। ਚੀਨੀ ਤਾਇਪੇ ਦੀ ਦੂਜੇ ਨੰਬਰ ਦੀ ਖਿਡਾਰਨ ਜੂ ਯਿੰਗ ਨੇ ਰੀਓ ਓਲੰਪਿਕ ਦੀ ਸਿਲਵਰ ਮੈਡਲ ਹਾਸਲ ਸਿੰਧੂ ਨੂੰ 21-16, 21-16 ਨਾਲ ਹਰਾਇਆ ਜਿਸ ਨਾਲ ਉਨ੍ਹਾਂ ਦਾ ਇਸ ਭਾਰਤੀ ਖ਼ਿਲਾਫ਼ ਜਿੱਤ ਦਾ ਰਿਕਾਰਡ 12-5 ਦਾ ਹੋ ਗਿਆ। ਜੂ ਯਿੰਗ ਹੱਥੋਂ ਸਿੰਧੂ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਪਿਛਲੇ ਸਾਲ ਅਕਤੂਬਰ ਵਿਚ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਹਾਰੀ ਸੀ। ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਹ ਬੜ੍ਹਤ ਦਾ ਫ਼ਾਇਦਾ ਨਾ ਉਠਾ ਸਕੀ ਜਿਸ ਨਾਲ ਪਹਿਲੀ ਗੇਮ 16-21 ਨਾਲ ਗੁਆ ਬੈਠੀ। ਦੂਜੀ ਗੇਮ ਵਿਚ ਜੂ ਯਿੰਗ ਨੇ ਸ਼ੁਰੂ ਵਿਚ ਹੀ ਦਬਦਬਾ ਬਣਾਈ ਰੱਖਿਆ ਹਾਲਾਂਕਿ 11-20 ਨਾਲ ਪੱਛੜ ਰਹੀ ਸਿੰਧੂ ਨੇ ਛੇ ਮੈਚ ਪੁਆਇੰਟ ਬਚਾਏ ਪਰ ਤਦ ਤਕ ਦੇਰ ਹੋ ਚੁੱਕੀ ਸੀ ਤੇ ਜੂ ਿਯੰਗ ਨੇ ਆਰਾਮ ਨਾਲ ਇਸ ਨੂੰ 21-16 ਨਾਲ ਆਪਣੇ ਨਾਂ ਕਰ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸਿੰਧੂ ਤੋਂ ਬਾਅਦ ਸਾਇਨਾ ਕੋਰਟ 'ਤੇ ਉਤਰੀ ਜਿਨ੍ਹਾਂ ਨੂੰ ਮਾਰਿਨ ਨੇ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਤੋਂ ਪਹਿਲਾਂ ਦੋਵਾਂ ਵਿਚਾਲੇ ਹਾਰ ਜਿੱਤ ਦਾ ਰਿਕਾਰਡ 6-6 ਨਾਲ ਬਰਾਬਰ ਸੀ।