ਬਾਲੀ (ਪੀਟੀਆਈ) : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਲੈਅ ਵਿਚ ਚੱਲ ਰਹੇ ਲਕਸ਼ੇ ਸੇਨ ਨੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਜਿੱਤ ਦਰਜ ਕਰ ਕੇ ਦੂਜੇ ਗੇੜ ਵਿਚ ਥਾਂ ਬਣਾਈ। ਤੀਜਾ ਦਰਜਾ ਹਾਸਲ ਤੇ ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਥਾਈਲੈਂਡ ਦੀ ਸੁਪਾਨੀਦਾ ਕੇਟਥੋਂਗ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿਚ 43 ਮਿੰਟ ਵਿਚ 21-15, 21-19 ਨਾਲ ਹਰਾਇਆ। ਉਹ ਦੂਜੇ ਗੇੜ ਵਿਚ ਸਪੇਨ ਦੀ ਕਲਾਰਾ ਅਜੁਰਮੇਂਦੀ ਨਾਲ ਭਿੜੇਗੀ। ਮਰਦ ਸਿੰਗਲਜ਼ ਵਿਚ ਲਕਸ਼ੇ ਨੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਕੇਂਤਾ ਸੁਨੇਯਾਮਾ 'ਤੇ ਜਿੱਤ ਦਰਜ ਕੀਤੀ। ਲਕਸ਼ੇ ਨੇ ਇਕ ਘੰਟੇ ਅੱਠ ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ਵਿਚ ਸੁਨੇਯਾਮਾ ਨੂੰ 21-17, 18-21, 21-17 ਨਾਲ ਹਰਾ ਕੇ ਉਲਟਫੇਰ ਕੀਤਾ। ਲਕਸ਼ੇ ਅਗਲੇ ਗੇੜ ਵਿਚ ਸਿਖਰਲਾ ਦਰਜਾ ਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਜਾਪਾਨ ਦੇ ਕੇਂਤੋ ਮੋਮੋਤਾ ਨਾਲ ਭਿੜਨਗੇ।

Posted By: Jatinder Singh