ਰੋਮ (ਏਪੀ) : ਰੋਮਾਨੀਆ ਦੀ ਟੈਨਿਸ ਖਿਡਾਰਨ ਤੇ 2018 ਦੀ ਚੈਂਪੀਅਨ ਸਿਮੋਨਾ ਹਾਲੇਪ ਐਤਵਾਰ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ਵਿਚ ਵਿਸ਼ਵ ਰੈਂਕਿੰਗ ਵਿਚ 70ਵੇਂ ਸਥਾਨ 'ਤੇ ਕਾਬਜ ਸਾਰਾ ਸੋਰੀਬੇਸ ਤੋਰਮੋ ਖ਼ਿਲਾਫ਼ ਆਪਣੀ ਮੁਹਿੰਮ ਨੂੰ ਸ਼ੁਰੂ ਕਰੇਗੀ। ਪਿਛਲੇ 14 ਮੁਕਾਬਲਿਆਂ ਤੋਂ ਅਜੇਤੂ ਰਹੀ ਇਸ ਖਿਡਾਰਨ ਨੇ ਕਲੇ ਕੋਰਟ 'ਤੇ ਖੇਡੇ ਜਾਣ ਵਾਲੇ ਇਸ ਗਰੈਂਡ ਸਲੈਮ ਲਈ ਦੋ ਮਹੀਨੇ ਸਖ਼ਤ ਟ੍ਰੇਨਿੰਗ ਤੋਂ ਬਾਅਦ ਤਿੰਨ ਮਹੀਨੇ ਤੋਂ ਕਲੇ ਕੋਰਟ 'ਤੇ ਅਭਿਆਸ ਕੀਤਾ ਹੈ। ਗਰੈਂਡ ਸਲੈਮ ਵਿਚ ਚੁਣੌਤੀ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਲੇ ਕੋਰਟ 'ਤੇ ਲਗਾਤਾਰ ਦੋ ਟੂਰਨਾਮੈਂਟ ਜਿੱਤ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਕੋਵਿਡ-19 ਕਾਰਨ ਲਾਗੂ ਲਾਕਡਾਊਨ ਦੇ ਸਮੇਂ ਆਪਣੇ ਘਰ ਵਿਚ ਰਹੀ ਇਸ ਖਿਡਾਰਨ ਨੇ ਕਿਹਾ ਕਿ ਮੈਂ ਆਪਣੀ ਰੁਟੀਨ ਨੂੰ ਲੈ ਕੇ ਬਹੁਤ ਸਖ਼ਤ ਸੀ ਤੇ ਮੈਂ ਬਹੁਤ ਮਿਹਨਤ ਕੀਤੀ ਹੈ। ਮੈਂ ਸਰੀਰਕ ਤੌਰ 'ਤੇ ਬਹੁਤ ਸੁਧਾਰ ਕੀਤਾ ਇਸ ਲਈ ਮੈਂ ਦੌੜ ਸਕਦੀ ਹਾਂ, ਮੈਂ ਹਰ ਮੈਚ ਵਿਚ ਫਿੱਟ ਮਹਿਸੂਸ ਕਰ ਸਕਦੀ ਹਾਂ। ਮੇਰੇ ਪੈਰ ਮਜ਼ਬੂਤ ਹਨ ਜਿਸ ਨਾਲ ਮੈਚ ਦੌਰਾਨ ਮੇਰਾ ਆਤਮਵਿਸ਼ਵਾਸ ਵਧਦਾ ਹੈ। ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਜ ਇਸ ਖਿਡਾਰਨ ਨੂੰ ਰੋਲਾਂ ਗੈਰਾਂ ਵਿਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਪਿਛਲੀ ਵਾਰ ਦੀ ਚੈਂਪੀਅਨ ਐਸ਼ਲੇ ਬਾਰਟੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੀ ਹੈ। ਕੋਵਿਡ-19 ਮਹਾਮਾਰੀ ਕਾਰਨ ਖੇਡ ਦੇ ਮੁਲਤਵੀ ਹੋਣ ਤੇ ਹੁਣ ਵਾਪਸੀ ਤੋਂ ਬਾਅਦ ਹਾਲੇਪ ਲਗਾਤਾਰ ਨੌਂ ਮੈਚ ਜਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਰਾਗ ਤੇ ਰੋਮ ਵਿਚ ਖ਼ਿਤਾਬ ਵੀ ਹਾਸਲ ਕੀਤਾ। ਉਥੇ ਅਮਰੀਕੀ ਦਿੱਗਜ ਸੇਰੇਨਾ ਵਿਲੀਅਮਜ਼ ਵੀ ਇਸ ਟੂਰਨਾਮੈਂਟ ਵਿਚ ਖੇਡਣ ਉਤਰੇਗੀ।

ਸਟੇਨ ਵਾਵਰਿੰਕਾ ਤੇ ਐਂਡੀ ਮਰੇ 'ਚ ਹੋਵੇਗਾ ਮੁਕਾਬਲਾ

ਮਰਦ ਸਿੰਗਲਜ਼ ਦੇ ਮੁਕਾਬਲੇ ਵੀ ਐਤਵਾਰ ਨੂੰ ਹੀ ਸ਼ੁਰੂ ਹੋਣਗੇ ਜਿਸ ਵਿਚ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਤੇ ਬਰਤਾਨਵੀ ਖਿਡਾਰੀ ਐਂਡੀ ਮਰੇ ਦਾ ਮੁਕਾਬਲਾ ਦਿਨ ਦਾ ਵੱਡਾ ਮੁਕਾਬਲਾ ਹੋਵੇਗਾ। ਉਥੇ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਤੇ ਆਸਟ੍ਰੇਲੀਆ ਦੇ ਡੇਨਿਸ ਨੋਵਾਕ ਦੇ ਮੁਕਾਬਲੇ 'ਤੇ ਵੀ ਨਜ਼ਰਾਂ ਰਹਿਣਗੀਆਂ। ਹਾਲਾਂਕਿ ਇਸ ਟੂਰਨਾਮੈਂਟ ਵਿਚ ਸਵਿਟਜ਼ਰਲੈਂਡ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਸੱਟ ਕਾਰਨ ਨਹੀਂ ਖੇਡਣਗੇ ਜਦਕਿ ਪਿਛਲੀ ਵਾਰ ਦੇ ਜੇਤੂ ਸਪੇਨ ਦੇ ਰਾਫੇਲ ਨਡਾਲ ਤੇ ਸਰਬੀਆ ਦੇ ਨੋਵਾਕ ਜੋਕੋਵਿਕ ਖੇਡਣਗੇ।

ਵਰਡਾਸਕੋ ਕੋਵਿਡ ਪਾਜ਼ੇਟਿਵ, ਟੂਰਨਾਮੈਂਟ 'ਚੋਂ ਬਾਹਰ

ਸਪੈਨਿਸ਼ ਖਿਡਾਰੀ ਫਰਨਾਂਡੋ ਵਰਡਾਸਕੋ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਵਿਚ ਪਾਜ਼ੇਟਿਵ ਆਉਣ ਤੋਂ ਬਾਅਦ ਫਰੈਂਚ ਓਪਨ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਗ਼ਲਤ ਸੀ। ਸਾਬਕਾ ਟਾਪ-10 ਰੈਂਕਿੰਗ ਵਿਚ ਰਹਿ ਚੁੱਕੇ ਇਸ ਖਿਡਾਰੀ ਨੇ ਇਸ ਸਾਲ ਦੇ ਯੂਐੱਸ ਓਪਨ ਵਿਚ ਹਿੱਸਾ ਨਹੀਂ ਲਿਆ ਸੀ, ਇਸ ਤੋਂ ਪਹਿਲਾਂ ਉਨ੍ਹਾਂ ਨੇ ਲਗਾਤਾਰ 67 ਗਰੈਂਡ ਸਲੈਮ ਟੂਰਨਾਮੈਂਟ ਖੇਡੇ ਸਨ। ਵਰਡਾਸਕੋ ਨੇ ਰੋਲਾਂ ਗੈਰਾਂ ਵਿਚ ਖੇਡ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਨੂੰ ਅਗਸਤ ਵਿਚ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਨੈਗੇਟਿਵ ਵੀ ਆ ਗਈ ਸੀ ਪਰ ਇਸ ਹਫ਼ਤੇ ਉਹ ਫਰੈਂਚ ਓਪਨ ਤੋਂ ਪਹਿਲਾਂ ਹੋਈ ਜਾਂਚ ਵਿਚ ਪਾਜ਼ੇਟਿਵ ਪਾਏ ਗਏ। ਵਰਡਾਸਕੋ ਨੇ ਕਿਹਾ ਕਿ ਉਨ੍ਹਾਂ ਨੇ ਇਕ ਹੋਰ ਜਾਂਚ ਦੀ ਮੰਗ ਕੀਤੀ ਪਰ ਫਰੈਂਚ ਓਪਨ ਦੇ ਪ੍ਰਬੰਧਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਖ਼ੁਦ ਜਾਂਚ ਕਰਵਾਈ ਜੋ ਨੈਗੇਟਿਵ ਆਈ। ਉਹ 2009 ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪੁੱਜੇ ਸਨ ਤੇ ਮੌਜੂਦਾ ਰੈਂਕਿੰਗ ਵਿਚ 58ਵੇਂ ਸਥਾਨ 'ਤੇ ਹਨ।