ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਨੌਜਵਾਨਾਂ ਨੂੰ ਕੇਸਾਧਾਰੀ ਵਜੋਂ ਪਹਿਚਾਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਅਤੇ ਖੇਡਾਂ ਵਿਚ ਸਿੱਖੀ ਸਰੂਪ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖ਼ਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐੱਫਸੀ) ਵੱਲੋਂ ਪੰਜਾਬ ਭਰ ਵਿਚ ਪਹਿਲਾ 'ਸਿੱਖ ਫੁੱਟਬਾਲ ਕੱਪ' ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਸਾਬਤ-ਸੂਰਤ ਖਿਡਾਰੀਆਂ ਲਈ ਕਰਵਾਇਆ ਜਾ ਰਿਹਾ ਇਹ ਫੁੱਟਬਾਲ ਕੱਪ 23 ਨਵੰਬਰ ਤੋਂ 7 ਦਸੰਬਰ ਤਕ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਵਿਚ ਹੋਵੇਗਾ।

ਇਹ ਪ੍ਰਗਟਾਵਾ ਕਰਦਿਆਂ ਖ਼ਾਲਸਾ ਐੱਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿਚ 14 ਸਾਲ ਤੋਂ 21 ਸਾਲ ਦੀ ਉਮਰ ਤਕ ਦੇ ਸਾਬਤ-ਸੂਰਤ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ (ਪੀਐੱਫਏ) ਨਾਲ ਰਜਿਸਟਰਡ ਖ਼ਾਲਸਾ ਐੱਫਸੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਵਿਚ ਜ਼ਿਲ੍ਹਾ ਪੱਧਰੀ ਫੁੱਟਬਾਲ ਟੀਮਾਂ ਦੀ ਚੋਣ ਲਈ ਹਰੇਕ ਜ਼ਿਲ੍ਹੇ ਵਿਚ ਚੋਣ ਟਰਾਇਲ ਹੋ ਚੁੱਕੇ ਹਨ ਜਦਕਿ ਚੰਡੀਗੜ੍ਹ ਦੀ ਕੇਸਾਧਾਰੀ ਟੀਮ ਦੀ ਚੋਣ ਪੰਜ ਨਵੰਬਰ ਨੂੰ ਸੈਕਟਰ 42 ਦੇ ਸਟੇਡੀਅਮ ਵਿਚ ਕੀਤੀ ਜਾਵੇਗੀ। ਹੋਰ ਵੇਰਵੇ ਦਿੰਦਿਆਂ ਫੁੱਟਬਾਲ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਇਸ ਸਿੱਖ ਫੁੱਟਬਾਲ ਕੱਪ ਦੀ ਸ਼ੁਰੂਆਤ 23 ਨਵੰਬਰ ਨੂੰ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਹੋਵੇਗੀ ਅਤੇ ਅੰਤਰ-ਜ਼ਿਲ੍ਹਾ ਟੂਰਨਾਮੈਂਟ ਨਾਕ-ਆਊਟ ਵਿਧੀ ਦੇ ਆਧਾਰ 'ਤੇ ਵੱਖ-ਵੱਖ ਜ਼ਿਲਿ੍ਆਂ ਵਿਚ ਇਕ ਦਸੰਬਰ ਤਕ ਮੈਚ ਖੇਡੇ ਜਾਣਗੇ। ਸੂਬਾ ਪੱਧਰੀ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ ਸੱਤ ਦਸੰਬਰ ਨੂੰ ਐੱਸਏਐੱਸ ਨਗਰ ਦੇ ਸਟੇਡੀਅਮ ਵਿਚ ਹੋਵੇਗਾ।

ਹਰ ਸਾਲ ਕਰਵਾਇਆ ਜਾਵੇਗਾ ਟੂਰਨਾਮੈਂਟ

ਗਰੇਵਾਲ ਨੇ ਦੱਸਿਆ ਕਿ ਜ਼ਿਲਿ੍ਆਂ ਵਿਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਅਤੇ ਪੀਐੱਫਏ ਦੇ ਸਹਿਯੋਗ ਨਾਲ ਕਰਵਾਇਆ ਜਾਏਗਾ। ਉਨ੍ਹਾਂ ਨੇ ਦੱਸਿਆ ਕਿ ਟੀਮਾਂ ਤੋਂ ਕੋਈ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ ਸਗੋਂ ਸਾਰੀਆਂ 23 ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਦਿੱਤੇ ਜਾਣਗੇ। ਜੇਤੂ ਟੀਮ ਨੂੰ ਪੰਜ ਲੱਖ ਰੁਪਏ ਅਤੇ ਉੱਪ ਜੇਤੂ ਨੂੰ ਤਿੰਨ ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਨਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇੰਨਾਂ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।