ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 42 ਦੇ ਫੁੱਟਬਾਲ ਸਟੇਡੀਅਮ 'ਚ ਖੇਡੇ ਗਏ ਪਹਿਲੇ ਸਾਬਤ ਸਰੂਪ ਸਿੱਖ ਫੁੱਟਬਾਲ ਕੱਪ ਦੇ ਫਸਵੇਂ ਫਾਈਨਲ ਮੁਕਾਬਲੇ 'ਚ ਖ਼ਾਲਸਾ ਐੱਫਸੀ ਜਲੰਧਰ ਨੇ ਖ਼ਾਲਸਾ ਐੱਫਸੀ ਗੁਰਦਾਸਪੁਰ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐੱਫਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈੱਡਰੇਸ਼ਨ ਵੱਲੋਂ ਪਹਿਲਾ ਸਾਬਤ ਸਿੱਖ ਸਰੂਪ ਫੁੱਟਬਾਲ ਕੱਪ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ 30 ਜਨਵਰੀ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਹੋਈ ਸੀ। ਇਸ ਟੂਰਨਾਮੈਂਟ 'ਚ ਪੰਜਾਬ ਦੇ 22 ਜ਼ਿਲਿ੍ਆਂ ਅਤੇ ਚੰਡੀਗੜ੍ਹ ਦੀ ਟੀਮ ਸਮੇਤ ਕੁੱਲ 23 ਟੀਮਾਂ ਨੇ ਹਿੱਸਾ ਲਿਆ।

ਫਾਈਨਲ ਮੁਕਾਬਲਾ ਖ਼ਾਲਸਾ ਐੱਫਸੀ ਗੁਰਦਾਸਪੁਰ ਤੇ ਖ਼ਾਲਸਾ ਐੱਫਸੀ ਜਲੰਧਰ ਵਿਚਾਲੇ ਖੇਡਿਆ ਗਿਆ। ਮੈਚ 'ਚ ਜਲੰਧਰ ਨੇ 3-1 ਗੋਲਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਜੇਤੂ ਖ਼ਾਲਸਾ ਐੱਫਸੀ ਜਲੰਧਰ ਦੀ ਟੀਮ ਨੂੰ ਟਰਾਫੀ ਤੇ ਪੰਜ ਲੱਖ ਰੁਪਏ ਅਤੇ ਉਪ ਜੇਤੂ ਐੱਫਸੀ ਗੁਰਦਾਸਪੁਰ ਨੂੰ ਟਰਾਫੀ ਤੇ ਤਿੰਨ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ।

ਮੁਕਾਬਲੇ ਤੋਂ ਪਹਿਲਾਂ ਖ਼ਾਲਸਾ ਐੱਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਬਤ-ਸੂਰਤ ਲੜਕੀਆਂ ਵੀ ਅਗਲੇ ਸਾਲ ਤੋਂ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਬਤ-ਸੂਰਤ ਬੱਚਿਆਂ ਦਾ ਟੂਰਨਾਮੈਂਟ ਕਰਵਾਉਣ ਦਾ ਉਦੇਸ਼ ਸਿੱਖਾਂ ਦੀ ਅਸਲ ਪਛਾਣ ਨੂੰ ਉਜਾਗਰ ਕਰਨਾ ਹੈ, ਕਿਉਂਕਿ ਕੁਝ ਦੇਸ਼ਾਂ ਵਿਚ ਸਿੱਖਾਂ 'ਤੇ ਨਸਲੀ ਹਮਲੇ ਹੁੰਦੇ ਆਏ ਹਨ। ਗਰੇਵਾਲ ਨੇ ਕਿਹਾ ਕਿ ਇਹ ਟੂਰਨਾਮੈਂਟ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਅਲਾਮਤ ਅਤੇ ਖੇਡਾਂ ਵਿਚ ਡੋਪਿੰਗ ਵਰਗੀ ਸਮੱਸਿਆ ਦੂਰ ਕਰਨ ਵਿਚ ਵੀ ਇਕ ਵੱਡੀ ਤਾਕਤ ਵਜੋਂ ਕੰਮ ਕਰੇਗਾ।

ਏਡੀਜੀਪੀ ਅਮਰਦੀਪ ਸਿੰਘ ਰਾਏ ਨੇ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਸਦਕਾ ਨੌਜਵਾਨਾਂ ਵਿਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਜਿਹੇ ਉਦਮ ਨਾਲ ਆਪਣੀਆਂ ਕੌਮੀ ਟੀਮਾਂ ਵਿਚ ਸਿੱਖ ਖਿਡਾਰੀ ਸ਼ਾਨਦਾਰ ਭੂਮਿਕਾ ਨਿਭਾਉਣਗੇ।

ਡਾਇਰੈਕਟਰ ਖੇਡਾਂ ਚੰਡੀਗੜ੍ਹ ਤੇਜਦੀਪ ਸਿੰਘ ਨੇ ਖ਼ਾਲਸਾ ਐੱਫਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਨੇ ਕਿਹਾ ਕਿ ਖ਼ਾਲਸਾ ਫੁੱਟਬਾਲ ਕਲੱਬ ਦੇ ਸਹਿਯੋਗ ਅਤੇ ਚੰਡੀਗੜ੍ਹ ਦੀ ਸੰਗਤ ਦੀ ਮਦਦ ਨਾਲ ਚੰਡੀਗੜ੍ਹ ਵਿਚ ਵੀ ਸਿੱਖ ਫੁੱਟਬਾਲ ਕੱਪ ਕਬਵਾਇਆ ਜਾਵੇਗਾ।

ਇਸ ਮੌਕੇ ਪੀਪੀਐੱਸਸੀ ਦੇ ਸਾਬਕਾ ਮੈਂਬਰ ਸੁਖਵੰਤ ਸਿੰਘ ਸਰਾਓਂ, ਚੰਡੀਗੜ੍ਹ ਦੇ ਸਾਬਕਾ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਅਰਜੁਨਾ ਐਵਾਰਡੀ ਗੁਰਦੇਵ ਸਿੰਘ ਗਿੱਲ, ਅਮਰੀਕ ਸਿੰਘ ਸਿੱਧੂ ਯੂਕੇ ਆਦਿ ਹਾਜ਼ਰ ਸਨ।

ਐੱਸਜੀਪੀਸੀ ਕਰੇਗੀ ਸਹਿਯੋਗ : ਖ਼ਾਲਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖ਼ਾਲਸਾ ਨੇ ਪ੍ਰਬੰਧਕਾਂ ਨੂੰ ਇਸ ਮਹੱਤਵਪੂਰਨ ਕਦਮ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਅਜਿਹੇ ਮੁਕਾਬਲਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ।