ਸੇਂਟੋਸਾ (ਪੀਟੀਆਈ) : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਿਲੀ ਬ੍ਰੇਕ ਉਨ੍ਹਾਂ ਲਈ ਫ਼ਾਇਦੇਮੰਦ ਸਾਬਤ ਹੋਈ ਹੈ ਕਿਉਂਕਿ ਇਸ ਨਾਲ ਜੁਲਾਈ ਵਿਚ ਯੂਰਪੀ ਟੂਰ ਬਹਾਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਖੇਡ ਤੇ ਮਾਨਸਿਕ ਹਾਲਾਤ ਨੂੰ ਜਾਨਣ ਵਿਚ ਮਦਦ ਮਿਲੇਗੀ। ਸਾਲ 2018 ਏਸ਼ਿਆਈ ਟੂਰ ਆਰਡਰ ਆਫ ਮੈਰਿਟ ਚੈਂਪੀਅਨ ਸ਼ਰਮਾ ਦਾ ਮੰਨਣਾ ਹੈ ਕਿ ਜਦ ਉਹ ਚਾਰ ਮਹੀਨੇ ਬਾਅਦ ਆਪਣੇ ਪੇਸ਼ੇਵਰ ਟੂਰਨਾਮੈਂਟ ਵਿਚ ਹਿੱਸਾ ਲੈਣਗੇ ਤਾਂ ਉਹ ਬਿਹਤਰ ਲੈਅ ਵਿਚ ਹੋਣਗੇ। 23 ਸਾਲਾ ਗੋਲਫਰ ਨੇ ਪਿਛਲੀ ਚੈਂਪੀਅਨਸ਼ਿਪ 2018 'ਚ ਮੇਬੈਂਕ ਟੂਰਨਾਮੈਂਟ ਦੇ ਰੂਪ 'ਚ ਜਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਮੇਰੀ ਸਾਲ ਵਿਚ ਸ਼ੁਰੂਆਤ ਇੰਨੀ ਚੰਗੀ ਨਹੀਂ ਹੁੰਦੀ। ਕੋਵਿਡ-19 ਸੰਕਟ ਮੇਰੇ ਲਈ ਅਸਲ ਵਿਚ ਫ਼ਾਇਦੇਮੰਦ ਰਿਹਾ ਕਿਉਂਕਿ ਇਸ ਨੇ ਮੈਨੂੰ ਆਪਣੀ ਖੇਡ ਤੇ ਮਾਨਸਿਕ ਹਾਲਾਤ ਦਾ ਅੰਦਾਜ਼ਾ ਲਾਉਣ ਵਿਚ ਮਦਦ ਕੀਤੀ। ਇਹ ਗੋਲਫ ਤੋਂ ਮੇਰੇ ਲਈ ਸਭ ਤੋਂ ਵੱਡੀ ਛੁੱਟੀ ਰਹੀ। ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਇਲਾਵਾ ਮੈਂ ਆਪਣੀ ਖੇਡ ਦੇ ਸਾਰੇ ਪਹਿਲੂਆਂ 'ਤੇ ਧਿਆਨ ਦਿੱਤਾ।