ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਨਿਚਰਵਾਰ ਨੂੰ ਗੋਨਿਆਣਾ ਰੋਡ ਮਹੰਤ ਗੁਰਬੰਤਾ ਦਾਸ ਡੈੱਫ ਐਂਡ ਡੰਬ ਸਕੂਲ ਦੇ ਨੇੜੇ ਪੰਜਾਬ ਦੀ ਪਹਿਲੀ ਸਰਟੀਫਾਈਡ ਸ਼ੂਟਿੰਗ ਰੇਂਜ ਲੋਕਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਦੇ ਬਣਨ ਨਾਲ ਜਿੱਥੇ ਸ਼ੂਟਿੰਗ ਖੇਡ ਪ੍ਰਤੀ ਲੋਕਾਂ ਦਾ ਰੁਝਾਨ ਵਧੇਗਾ, ਉਸ ਦੇ ਨਾਲ-ਨਾਲ ਐਕਸੀਡੈਂਟਲ ਫਾਈਰਿੰਗ ਨਾਲ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ।

ਉਨ੍ਹਾਂ ਕਿਹਾ ਕਿ ਸ਼ੂਟਿੰਗ ਵਿਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਨੂੰ ਵੀ ਇਸ ਸ਼ੂਟਿੰਗ ਰੇਂਜ ਵਿਚ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਬਠਿੰਡਾ ਦੇ ਬੱਚੇ ਵੀ ਸ਼ੂਟਿੰਗ ਵਿਚ ਆਪਣਾ ਨਾਮਨਾ ਖੱਟ ਸਕਣ ਅਤੇ ਵੱਧ ਤੋਂ ਵੱਧ ਸਕੂਲਾਂ ਕਾਲਜਾਂ ਦੇ ਬੱਚੇ ਇਸ ਖੇਡ ਪ੍ਰਤੀ ਉਤਸ਼ਾਹਿਤ ਹੋਣ।

ਉਨ੍ਹਾਂ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਵਿਖੇ ਅਸਲਾ ਰੱਖਣ ਦੇ ਚਾਹਵਾਨ ਅਸਲਾ ਚਲਾਉਣ ਲਈ ਮਾਹਰਾਂ ਵੱਲੋਂ ਸਰਟੀਫਿਕੇਟ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਪੰਜਾਬ ਸਪੋਰਟਸ ਵਿਭਾਗ ਵੱਲੋਂ ਸਰਟੀਫਾਈਡ ਹੈ। ਸ਼ੂਟਿੰਗ ਰੇਂਜ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਇਹ ਲੋਕਾਂ ਨੂੰ ਸਮਰਪਿਤ ਕੀਤੀ ਜਾ ਰਹੀ ਹੈ। ਫ਼ੌਜ ਦੇ ਰਿਟਾਇਰਡ ਮਾਰਕਸਮੈਨ ਇੱਥੇ ਟ੍ਰੇਨਿੰਗ ਦੇਣਗੇ ਅਤੇ ਜਿਨ੍ਹਾਂ ਲੋਕਾਂ ਨੇ ਲਾਇਸੈਂਸ ਲਈ ਅਪਲਾਈ ਕਰਨਾ ਹੋਵੇਗਾ, ਉਨ੍ਹਾਂ ਲੋਕਾਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏ ਜਾਣਗੇ।

ਇਸ ਸ਼ੂਟਿੰਗ ਰੇਂਜ 'ਚ ਦੋ ਵੱਖਰੇ-ਵੱਖਰੇ 25 ਮੀਟਰ ਅਤੇ 10 ਮੀਟਰ ਸ਼ੂਟਿੰਗ ਪੁਆਇੰਟ ਬਣਾਏ ਗਏ ਹਨ। ਜਿਨ੍ਹਾਂ ਵਿਚੋਂ 25 ਮੀਟਰ ਰਾਈਫਲ ਲਈ ਅਤੇ 10 ਮੀਟਰ ਰਿਵਾਲਵਰ ਜਾਂ ਪਿਸਟਲ ਲਈ ਬਣਾਇਆ ਗਿਆ ਹੈ।

ਗਰਮੀਆਂ ਵਿਚ ਇਸਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਅਤੇ ਸਰਦੀਆਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ। ਇਕ ਕਨਾਲ ਰਕਬੇ ਵਿਚ ਬਣੀ ਇਹ ਸ਼ੂਟਿੰਗ ਰੇਂਜ ਨਾ ਕੇਵਲ ਅਸਲਾ ਲੈਣ ਵਾਲੇ ਲੋਕਾਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏਗੀ, ਇਸਦੇ ਨਾਲ ਹੀ ਸ਼ੂਟਿੰਗ ਖੇਡ ਨਾਲ ਜੁੜੇ ਲੋਕਾਂ ਨੂੰ ਵੀ ਇੱਥੇ ਸ਼ੂਟਿੰਗ ਕਰਨ ਦਾ ਮੌਕਾ ਮਿਲੇਗਾ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਖਪ੍ਰੀਤ ਸਿੰਘ ਸਿੱਧੂ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਕੋਈ ਵੀ 1500 ਰੁਪਏ ਪ੍ਰਤੀ ਮਹੀਨਾ ਦੇ ਕੇ ਕੈਜੂਅਲ (ਆਰਜੀ) ਮੈਂਬਰਸ਼ਿਪ, 2000 ਰੁਪਏ ਪ੍ਰਤੀ ਮਹੀਨਾ ਫੀਸ ਅਦਾ ਕਰ ਕੇ ਰੈਗੂਲਰ ਮੈਂਬਰਸ਼ਿਪ ਹਾਸਲ ਕਰ ਸਕੇਗਾ। ਜੇਕਰ ਕਿਸੇ ਨੇ 6 ਮਹੀਨਿਆਂ ਲਈ ਮੈਂਬਰਸ਼ਿਪ ਲੈਣੀ ਹੋਵੇ ਤਾਂ 11 ਹਜ਼ਾਰ ਰੁਪਏ ਅਤੇ 12 ਮਹੀਨਿਆਂ ਲਈ ਮੈਂਬਰਸ਼ਿਪ ਲੈਣ ਲਈ 21 ਹਜ਼ਾਰ ਰੁਪਏ ਫੀਸ ਦੇਣੀ ਹੋਵੇਗੀ।

ਇਸਦੇ ਡਿਪਟੀ ਕਮਿਸ਼ਨਰ ਪ੍ਰਧਾਨ ਤੇ ਵਿੱਤ ਮੰਤਰੀ ਪੈਟਰਨ ਹੋਣਗੇ। ਇਸ ਮੌਕੇ ਅਰੁਣ ਵਧਾਵਨ, ਕੇਕੇ ਅਗਰਵਾਲ, ਪਵਨ ਮਾਨੀ, ਟਹਿਲ ਸੰਧੂ, ਅਸ਼ੋਕ ਪ੍ਰਧਾਨ ਆਦਿ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਵਿਅਕਤੀ ਅਤੇ ਕਾਂਗਰਸ ਦੇ ਲੀਡਰ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਖਪ੍ਰਰੀਤ ਸਿੰਘ ਸਿੱਧੂ, ਐੱਸਡੀਐੱਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਹਾਜ਼ਰ ਸਨ।