ਨਵੀਂ ਦਿੱਲੀ (ਜੇਐੱਨਐੱਨ) : ਦੋ ਵਾਰ ਮੁਲਤਵੀ ਹੋਏ ਰਾਸ਼ਟਰੀ ਨਿਸ਼ਾਨੇਬਾਜ਼ੀ ਕੈਂਪ ਨੂੰ ਇਕ ਵਾਰ ਮੁੜ ਵੀਰਵਾਰ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਹ ਕੈਂਪ ਭਾਰਤੀ ਖੇਡ ਅਥਾਰਟੀ (ਸਾਈ) ਤੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਦੀ ਨਿਗਰਾਨੀ ਵਿਚ ਲੱਗੇਗਾ। ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਨੂੰ ਚਾਰ ਜੋਖ਼ਮ ਖੇਤਰਾਂ ਵਿਚ ਵੰਡਿਆ ਜਾਵੇਗਾ ਤਾਂਕਿ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਨਿਸ਼ਾਨੇਬਾਜ਼ ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ ਵਿਚ ਕੈਂਪ ਵਿਚ ਅਭਿਆਸ ਕਰ ਸਕਣ। ਸਾਈ ਮੁਤਾਬਕ ਕੈਂਪ ਵਿਚ 32 ਨਿਸ਼ਾਨੇਬਾਜ਼ਾਂ (18 ਮਰਦ ਤੇ 14 ਮਹਿਲਾ), ਅੱਠ ਕੋਚਾਂ, ਤਿੰਨ ਵਿਦੇਸ਼ੀ ਕੋਚਾਂ ਤੇ ਦੋ ਸਹਿਯੋਗੀ ਸਟਾਫ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਾਰੇ 15 ਨਿਸ਼ਾਨੇਬਾਜ਼ ਇਸ ਦਾ ਹਿੱਸਾ ਹੋਣਗੇ। ਇਸ ਪੂਰੀ ਪ੍ਰਕਿਰਿਆ ਵਿਚ ਕੁੱਲ 1.43 ਕਰੋੜ ਰੁਪਏ ਦੀ ਲਾਗਤ ਆਵੇਗੀ। ਕੈਂਪ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਤੇ ਰੇਂਜ ਕਰਮਚਾਰੀਆਂ ਵਿਚਾਲੇ ਸੰਪਰਕ ਬਹੁਤ ਘੱਟ ਰੱਖਣ ਲਈ ਕੰਪਲੈਕਸ ਨੂੰ ਜੋਖ਼ਮ ਮੁਤਾਬਕ ਚਾਰ ਖੇਤਰਾਂ, ਗ੍ਰੀਨ, ਆਰੇਂਜ, ਯੈਲੋ ਤੇ ਰੈੱਡ ਜ਼ੋਨ ਵਿਚ ਵੰਡਿਆ ਜਾਵੇਗਾ। ਐੱਨਆਰਏਆਈ ਨੇ ਰੇਂਜ ਦੇ ਨੇੜੇ ਮੌਜੂਦ ਹੋਟਲ ਵਿਚ ਖਿਡਾਰੀਆਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਹੈ ਜਿਸ ਵਿਚ ਸਾਈ ਮੌਜੂਦਾ ਸਟੈਂਡਰਡ ਆਪ੍ਰੇਟਿੰਗ ਪ੍ਰਾਸੀਜਰ ਮੁਤਾਬਕ ਸਹਿਯੋਗ ਦੇਵੇਗੀ।