ਟੋਕੀਓ (ਏਜੰਸੀ) : ਸ਼ਿਵ ਥਾਪਾ (63 ਕਿਲੋਗ੍ਰਾਮ) ਅਤੇ ਪੂਜਾ ਰਾਣੀ (75 ਕਿਲੋਗ੍ਰਾਮ) ਨੇ ਵੀਰਵਾਰ ਨੂੰ ਇਥੇ ਮੁੱਕੇਬਾਜ਼ੀ ਦੇ ਓਲੰਪਿਕ ਟੈਸਟ ਇਵੈਂਟ ਵਿਚ ਗੋਲਡ ਮੈਡਲ ਜਿੱਤੇ, ਜਦਕਿ ਆਸ਼ੀਸ਼ (69 ਕਿਲੋਗ੍ਰਾਮ) ਨੂੰ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਦੇ ਮੈਡਲ ਨਾਲ ਤਸੱਲੀ ਕਰਨੀ ਪਈ।

ਚਾਰ ਵਾਰ ਦੇ ਏਸ਼ੀਆਈ ਮੈਡਲ ਜੇਤੂ ਥਾਪਾ ਨੇ ਕਜਾਖਿਸਤਾਨ ਦੇ ਰਾਸ਼ਟਰੀ ਚੈਂਪੀਅਨ ਤੇ ਏਸ਼ੀਆਈ ਕਾਂਸੀ ਦਾ ਮੈਡਲ ਜੇਤੂ ਸਨਾਤਾਲੀ ਤੋਲਤਾਯੇਵ ਨੂੰ ਇਕਪਾਸੜ ਮੁਕਾਬਲੇ 'ਚ 5-0 ਨਾਲ ਹਰਾਇਆ। ਥਾਪਾ ਪਿਛਲੇ ਰਾਸ਼ਟਰੀ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਮੈਡਲ ਜੇਤੂ ਹਨ।

ਏਸ਼ੀਅਨ ਗੇਮਜ਼ 'ਚ ਕਾਂਸੀ ਮੈਡਲ ਜੇਤੂ ਰਾਣੀ ਨੇ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਰਾਣੀ ਨੇ ਇਸ ਸਾਲ ਏਸ਼ੀਅਨ ਚੈਂਪੀਅਨਸ਼ਿਪ 'ਚ ਵੀ ਚਾਂਦੀ ਦਾ ਮੈਡਲ ਜਿੱਤਿਆ ਸੀ। ਆਸ਼ੀਸ ਨੂੰ ਹਾਲਾਂਕਿ ਫਾਈਨਲ 'ਚ ਜਾਪਾਨ ਦੇ ਸੇਵੋਨ ਓਕੋਜਾਵਾ ਖਿਲਾਫ਼ ਹਾਰ ਦੇ ਨਾਲ ਕਾਂਸੀ ਦੇ ਮੈਡਲ ਨਾਲ ਤਸੱਲੀ ਕਰਨੀ ਪਈ।

ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜਰੀਨ (51 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ), ਸੁਮਿਤ ਸਾਂਗਵਾਨ (91 ਕਿਲੋਗ੍ਰਾਮ) ਅਤੇ ਬਾਹਲਿਮਪੂਇਆ (75 ਕਿਲੋਗ੍ਰਾਮ) ਨੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਹਾਰ ਦੇ ਨਾਲ ਕਾਂਸੀ ਦੇ ਮੈਡਲ ਜਿੱਤੇ ਸਨ।