ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ 2026 ਯੂਥ ਓਲੰਪਿਕ ਦੀ ਮੇਜ਼ਬਾਨੀ ਲਈ ਸਰਕਾਰ ਦਾ ਸਮਰਥਨ ਮੰਗਿਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਵੀ ਮੈਂਬਰ ਬੱਤਰਾ ਨੇ ਕਿਹਾ ਕਿ ਬੋਲੀ ਪੇਸ਼ ਕਰਨ ਤੋਂ ਪਹਿਲਾਂ ਨਵੀਂ ਦਿੱਲੀ, ਮੁੰਬਈ ਤੇ ਭੁਬਨੇਸ਼ਵਰ ਵਿਚੋਂ ਇਕ ਸ਼ਹਿਰ ਨੂੰ ਮੇਜ਼ਬਾਨ ਦੇ ਰੂਪ ਵਿਚ ਚੁਣਿਆ ਜਾਵੇਗਾ।

ਆਈਓਸੀ ਇਸ ਤੋਂ ਬਾਅਦ ਮਨਜ਼ੂਰੀ ਲਈ ਭਾਰਤੀ ਬੋਲੀ ਦਾ ਮੁੱਲਾਂਕਣ ਕਰੇਗਾ। ਯੂਥ ਓਲੰਪਿਕ 2026 ਲਈ ਬੋਲੀ ਪ੍ਰਕਿਰਿਆ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਬੱਤਰਾ ਨੇ ਨਾਲ ਹੀ ਸ਼ਾਹ ਦੇ ਨਾਲ ਆਈਓਸੀ ਦੇ 2023 ਸੈਸ਼ਨ ਦੀ ਮੇਜ਼ਬਾਨੀ ਮੁੰਬਈ ਵਿਚ ਕਰਨ 'ਤੇ ਵੀ ਗੱਲਬਾਤ ਕੀਤੀ।

ਆਈਓਸੀ ਸੈਸ਼ਨ ਇਕ ਵੱਕਾਰੀ ਪ੍ਰੋਗਰਾਮ ਹੈ ਜਿਸ ਵਿਚ ਓਲੰਪਿਕ ਸੰਸਥਾ ਦੇ ਸਾਰੇ ਮੈਂਬਰ ਤੇ ਅਧਿਕਾਰੀ ਮੌਜੂਦ ਰਹਿੰਦੇ ਹਨ। ਆਈਓਏ ਦੇਸ਼ ਦੇ 75ਵੇਂ ਆਜ਼ਾਦੀ ਦੇ ਸਾਲ ਦੌਰਾਨ ਇਸ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ।

ਅਹਿਮ ਯੋਜਨਾਵਾਂ 'ਤੇ ਵੀ ਹੋਈ ਗੱਲਬਾਤ :

ਅੰਤਰਰਾਸ਼ਟਰੀ ਹਾਕੀ ਮਹਾਸੰਘ ਦੇ ਪ੍ਰਧਾਨ ਬੱਤਰਾ ਨੇ ਕਿਹਾ ਕਿ ਸ਼ਾਹ ਨੂੰ 2020 ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੀ ਤਿਆਰੀ ਤੇ ਟ੍ਰੇਨਿੰਗ ਦੀ ਜਾਣਕਾਰੀ ਦਿੱਤੀ ਗਈ। ਮੀਟਿੰਗ ਦੌਰਾਨ ਸਰਕਾਰ ਦੀਆਂ ਮੁੱਖ ਯੋਜਨਾਵਾਂ ਖੇਡੋ ਇੰਡੀਆ ਯੂਥ ਗੇਮਜ਼, ਫਿੱਟ ਇੰਡੀਆ ਮੂਵਮੈਂਟ ਤੇ ਟਾਰਗੈਟ ਓਲੰਪਿਕ ਪੋਡੀਅਮ ਯੋਜਨਾ 'ਤੇ ਵੀ ਗੱਲਬਾਤ ਕੀਤੀ ਗਈ।