ਮੈਡਰਿਡ (ਆਈਏਐੱਨਐੱਸ) : ਸਪੈਨਿਸ਼ ਕਲੱਬ ਰੀਅਲ ਮੈਡਰਿਡ ਨੇ ਐਲਾਨ ਕੀਤਾ ਕਿ ਸਟਾਰ ਫਾਰਵਰਡ ਈਡਨ ਹੈਜ਼ਾਰਡ ਅਗਲੇ ਸੈਸ਼ਨ ਵਿਚ ਸੱਤ ਨੰਬਰ ਦੀ ਵੱਕਾਰੀ ਜਰਸੀ ਪਹਿਨਣਗੇ। ਕਈ ਮਹਾਨ ਖਿਡਾਰੀਆਂ ਨੇ ਸੱਤ ਨੰਬਰ ਦੀ ਜਰਸੀ ਨੂੰ ਪਹਿਨਿਆ ਹੈ। ਪਿਛਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਕ੍ਰਿਸਟੀਆਨੋ ਰੋਨਾਲਡੋ ਪਹਿਨਿਆ ਕਰਦੇ ਸਨ ਤੇ ਉਨ੍ਹਾਂ ਦੇ ਜੁਵੈਂਟਸ ਕਲੱਬ ਵਿਚ ਜਾਣ ਤੋਂ ਬਾਅਦ ਨੌਜਵਾਨ ਖਿਡਾਰੀ ਮਾਰੀਆਨੋ ਡਿਆਜ ਨੇ ਇਸ ਨੂੰ ਪਹਿਨਿਆ। ਹੈਜ਼ਾਰਡ ਦੇ ਆਉਣ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਉਹ ਨੰਬਰ ਸੱਤ ਦੀ ਜਰਸੀ ਪਹਿਨਣਗੇ ਜਦਕਿ ਮਾਰੀਆਨੋ ਨੂੰ 24 ਨੰਬਰ ਦੀ ਜਰਸੀ ਦਿੱਤੀ ਜਾਵੇਗੀ। ਰੀਅਲ ਦੇ ਇਤਿਹਾਸ ਵਿਚ ਇਸ ਨੰਬਰ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਤੇ ਰਾਊਨ ਗੋਂਜਾਲੇਜ ਵਰਗੇ ਚੋਟੀ ਦੇ ਖਿਡਾਰੀ ਇਸ ਨੂੰ ਪਹਿਨ ਚੁੱਕੇ ਹਨ। ਇਸ ਸੈਸ਼ਨ ਵਿਚ ਟੀਮ ਵਿਚ ਸ਼ਾਮਲ ਹੋਏ ਲੁਕਾ ਯੋਵਿਕ 18, ਫੇਲਾਰਡ ਮੈਂਡੀ 23 ਤੇ ਫਾਰਵਰਡ ਰਾਡਰੀਗੋ 27 ਨੰਬਰ ਜਰਸੀ ਪਹਿਨਣਗੇ। ਜਾਪਾਨ ਦੇ ਨੌਜਵਾਨ ਖਿਡਾਰੀ ਕੂਬੋ ਇਸੇ ਸੂਚੀ ਵਿਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਬੀ-ਟੀਮ ਦੇ ਨਾਲ ਟ੍ਰੇਨਿੰਗ ਕਰਨਗੇ। ਲਾ ਲੀਗਾ ਵਿਚ ਰੀਅਲ ਦਾ ਪਹਿਲਾ ਮੈਚ 17 ਅਗਸਤ ਨੂੰ ਸੇਲਟਾ ਵੀਗੋ ਨਾਲ ਹੋਵੇਗਾ।