ਨਵੀਂ ਦਿੱਲੀ (ਆਈਏਐੱਨਐੱਸ) : ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ਵਿਚ ਸੱਤ ਹੋਰ ਮੁੱਕੇਬਾਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਪੀੜਤ ਮੁੱਕੇਬਾਜ਼ਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਇਸ ਤੋਂ ਪਹਿਲਾਂ ਮਰਦ ਟੀਮ ਦੇ ਮੁੱਖ ਕੋਚ ਸੀਏ ਕਟੱਪਾ ਸਮੇਤ 10 ਮੁੱਕੇਬਾਜ਼ ਕੋਰੋਨਾ ਪੀੜਤ ਪਾਏ ਗਏ ਸਨ ਤੇ ਕੁਆਰੰਟਾਈਨ ਵਿਚ ਰਹਿ ਰਹੇ ਸਨ। ਰਾਸ਼ਟਰੀ ਪੱਧਰ ਦੇ ਇਕ ਮੁੱਕੇਬਾਜ਼ੀ ਕੋਚ ਨੇ ਕਿਹਾ ਕਿ 10 ਮੁੱਕੇਬਾਜ਼ ਠੀਕ ਹੋ ਰਹੇ ਪਰ ਇਸ ਨਾਲ ਅਗਲੇ ਮਹੀਨੇ ਇੱਥੇ ਇੰਦਰਾ ਗਾਂਧੀ ਇੰਡੋਰ ਸਪੋਰਟਸ ਕੰਪਲੈਕਸ ਵਿਚ ਹੋਣ ਵਾਲੀ ਏਸ਼ੀਆ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤ ਦੀਆਂ ਤਿਆਰੀਆਂ 'ਤੇ ਅਸਰ ਪੈ ਸਕਦਾ ਹੈ। ਪਿਛਲੇ ਮਹੀਨੇ ਆਸ਼ੀਸ਼ ਕੁਮਾਰ ਸਪੇਨ ਵਿਚ ਹੋਏ ਅੰਤਰਰਾਸ਼ਟਰੀ ਟੂਰਨਾਮੈਂਟ ਦੌਰਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਮੁੱਕੇਬਾਜ਼ਾਂ ਦੀ ਸਿਹਤ ਵਿਚ ਸੁਧਾਰ ਦੇ ਬਾਵਜੂਦ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਨੇ ਅਗਲੇ ਮਹੀਨੇ ਏਸ਼ੀਆ ਮੀਟ ਲਈ ਰਾਸ਼ਟਰੀ ਚੋਣ ਟਰਾਇਲ ਨੂੰ ਮੁਲਤਵੀ ਕਰ ਦਿੱਤਾ ਹੈ।