ਸਿਨਸਿਨਾਟੀ (ਏਐੱਫਪੀ) : ਪਿੱਠ ਵਿਚ ਤਕਲੀਫ਼ ਕਾਰਨ ਅਮਰੀਕੀ ਦਿੱਗਜ ਖਿਡਾਰਨ ਸੇਰੇਨਾ ਵਿਲੀਅਮਜ਼ ਸਿਨਿਸਿਨਾਟੀ ਮਾਸਟਰਜ਼ ਤੋਂ ਲਾਂਭੇ ਹੋ ਗਈ। ਐਤਵਾਰ ਨੂੰ ਪਿੱਠ 'ਚ ਤਕਲੀਫ਼ ਕਾਰਨ ਸੇਰੇਨਾ ਮਾਂਟਰੀਅਲ ਮਾਸਟਰਜ਼ ਵਿਚ ਡਬਲਯੂਟੀਏ ਫਾਈਨਲ 'ਚੋਂ ਚਾਰ ਗੇਮ ਬਾਅਦ ਹਟ ਗਈ ਸੀ। ਉਨ੍ਹਾਂ ਨੂੰ ਇੱਥੇ ਵਾਪਸੀ ਦੀ ਉਮੀਦ ਸੀ ਪਰ 23 ਵਾਰ ਦੀ ਗਰੈਂਡ ਸਲੈਮ ਜੇਤੂ ਨੂੰ ਪਿੱਠ ਵਿਚ ਤਕਲੀਫ਼ ਕਾਰਨ ਸਿਨਸਿਨਾਟੀ ਟੂਰਨਾਮੈਂਟ 'ਚੋਂ ਵੀ ਹਟਣਾ ਪਿਆ ਜਿਸ ਨਾਲ 26 ਅਗਸਤ ਤੋਂ ਸ਼ੁਰੂ ਹੋ ਰਹੇ ਅਮਰੀਕੀ ਓਪਨ ਵਿਚ ਉਨ੍ਹਾਂ ਦੇ ਹਿੱਸਾ ਲੈਣ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸੇਰੇਨਾ ਨੇ ਕਿਹਾ ਕਿ ਮੈਨੂੰ ਸਿਨਸਿਨਾਟੀ ਤੋਂ ਨਾਂ ਵਾਪਸ ਲੈ ਕੇ ਬਹੁਤ ਦੁੱਖ ਹੋ ਰਿਹਾ ਹੈ ਕਿਉਂਕਿ ਇਹ ਮੇਰਾ ਪਸੰਦੀਦਾ ਟੂਰਨਾਮੈਂਟ ਹੈ। ਬਦਕਿਸਮਤੀ ਨਾਲ ਮੇਰੀ ਪਿੱਠ ਅਜੇ ਵੀ ਸਹੀ ਨਹੀਂ ਹੈ ਤੇ ਮੈਨੂੰ ਪਤਾ ਹੈ ਕਿ ਮੈਂ ਕੋਰਟ 'ਤੇ ਨਹੀਂ ਜਾ ਸਕਾਂਗੀ।