ਮਾਂਟਰੀਅਲ (ਏਐੱਫਪੀ) : ਅਮਰੀਕੀ ਦਿੱਗਜ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਚੈੱਕ ਗਣਰਾਜ ਦੀ ਕੁਆਲੀਫਾਇਰ ਬੋਜਕੋਵਾ ਨੂੰ ਤਿੰਨ ਸੈੱਟ 'ਚ ਹਰਾ ਕੇ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ। ਤਿੰਨ ਵਾਰ ਦੀ ਜੇਤੂ ਤੇ ਅੱਠਵਾਂ ਦਰਜਾ ਸੇਰੇਨਾ ਨੇ ਬੋਜਕੋਵਾ ਨੂੰ ਸੈਮੀਫਾਈਨਲ ਵਿਚ 1-6, 6-3, 6-3 ਨਾਲ ਹਰਾਇਆ। ਫਾਈਨਲ ਵਿਚ ਸੇਰੇਨਾ ਦਾ ਸਾਹਮਮਣਾ ਸਥਾਨਕ ਦਾਅਵੇਦਾਰ ਬਿਨਾਕਾ ਏਂਡ੍ਰੀਸਕਿਊ ਨਾਲ ਹੋਵੇਗਾ। ਆਸਟ੍ਰੇਲੀਆ ਓਪਨ 2017 ਦੇ ਨਾਲ ਆਪਣਾ 23ਵਾਂ ਗਰੈਂਡ ਸਲੈਮ ਜਿੱਤਣ ਤੋਂ ਬਾਅਦ ਤੋਂ ਸੇਰੇਨਾ ਨੂੰ ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਹੈ। ਉਹ ਇਕ ਸਤੰਬਰ 2017 ਨੂੰ ਆਪਣੀ ਧੀ ਓਲੰਪੀਆ ਦੇ ਜਨਮ ਤੋਂ ਬਾਅਦ ਤੋਂ ਕੋਈ ਖ਼ਿਤਾਬ ਨਹੀਂ ਜਿੱਤ ਸਕੀ ਹੈ। ਇਸ ਵਿਚਾਲੇ, 19 ਸਾਲ ਦੀ ਬਿਨਾਕਾ 50 ਸਾਲ ਵਿਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਬਣਨ ਤੋਂ ਇਕ ਕਦਮ ਦੂਰ ਹੈ। ਵਿਲੀਅਮਜ਼ ਨੇ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ ਹੈ। ਵਿਲੀਅਮਜ਼ ਸਿਰਫ਼ ਇਕ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਹਾਰੀ ਹੈ। ਉਨ੍ਹਾਂ ਨੂੰ 2000 ਵਿਚ ਮਾਰਟੀਨਾ ਹਿੰਗਿਸ ਖ਼ਿਲਾਫ਼ ਹਾਰ ਸਹਿਣੀ ਪਈ ਹੈ। ਸੇਰੇਨਾ ਇਹ ਖ਼ਿਤਾਬ ਤਿੰਨ ਵਾਰ ਜਿੱਤ ਚੁੱਕੀ ਹੈ। ਸੇਰੇਨਾ ਨੇ ਕਿਹਾ ਕਿ ਮੈਨੂੰ ਆਪਣੀ ਇਸੇ ਲੈਅ ਨੂੰ ਜਾਰੀ ਰੱਖਣ ਦੀ ਲੋੜ ਹੈ ਤੇ ਜੇ ਮੈਨੂੰ ਇਕ ਹਜ਼ਾਰ ਗੇਂਦਾਂ ਨੂੰ ਹਿੱਟ ਕਰਨ ਦੀ ਲੋੜ ਪਈ ਤਾਂ ਮੈਨੂੰ ਇਸ ਲਈ ਮਾਨਸਿਕ ਤੌਰ 'ਤੇ ਤਿਆਰ ਹੋਣਾ ਪਵੇਗਾ। ਪਹਿਲੇ ਸੈੱਟ ਵਿਚ ਮੈਂ ਕੁਝ ਵੱਖ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਤੇ ਤੀਜੇ ਸੈੱਟ ਵਿਚ ਮੈਂ ਅਜਿਹਾ ਨਹੀਂ ਕੀਤਾ।

ਬਿਨਾ ਖੇਡੇ ਹੀ ਫਾਈਨਲ 'ਚ ਪੁੱਜੇ ਨਡਾਲ

ਮਾਂਟਰੀਅਲ (ਏਐੱਫਪੀ) : ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੈਮੀਫਾਈਨਲ ਵਿਚ ਕੋਰਟ 'ਤੇ ਉਤਰੇ ਬਿਨਾਂ ਸ਼ਨਿਚਰਵਾਰ ਨੂੰ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ ਜਿੱਥੇ ਉਹ ਕੈਨੇਡਾ ਵਿਚ ਲਗਾਤਾਰ ਦੂਜਾ ਏਟੀਪੀ ਖ਼ਿਤਾਬ ਜਿੱਤਣ ਉਤਰਨਗੇ। ਚੋਟੀ ਦਾ ਦਰਜਾ ਤੇ ਦੂਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਇਕ ਦਿਨ ਦਾ ਵਾਧੂ ਆਰਾਮ ਮਿਲਿਆ ਜਦ ਗਾਇਲ ਮੋਂਫਿਲਜ਼ ਸੱਟ ਕਾਰਨ ਸੈਮੀਫਾਈਨਲ ਮੁਕਾਬਲੇ ਤੋਂ ਹਟ ਗਏ। ਫਰਾਂਸ ਦੇ ਮੋਂਫਿਲਜ਼ ਨੇ ਬਾਰਿਸ਼ ਨਾਲ ਪ੍ਰਭਾਵਿਤ ਕੁਆਰਟਰ ਫਾਈਨਲ ਵਿਚ ਸਪੇਨ ਦੇ ਰਾਬਰਟੋ ਬਤਿਸਤਾ ਅਗੁਟ ਨੂੰ 6-4, 3-6, 7-6 ਨਾਲ ਹਰਾਇਆ ਸੀ ਤੇ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਸੈਮੀਫਾਈਨਲ ਵਿਚ ਨਡਾਲ ਨਾਲ ਭਿੜਨਾ ਸੀ। ਨਡਾਲ ਫਾਈਨਲ ਵਿਚ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਭਿੜਨਗੇ ਜਿਨ੍ਹਾਂ ਨੇ ਹਮਵਤਨ ਰੂਸ ਦੇ ਛੇਵਾਂ ਦਰਜਾ ਕਾਰੇਨ ਖਾਚਨੋਵ ਨੂੰ 6-1, 7-6 ਨਾਲ ਹਰਾਇਆ। ਮਰਦ ਸਿੰਗਲਜ਼ ਵਿਚ ਨਡਾਲ ਨੇ 51ਵੀਂ ਵਾਰ ਕਿਸੇ ਏਟੀਪੀ ਮਾਸਟਰਜ਼ 1000 ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ।

ਬੋਪੰਨਾ ਤੇ ਸ਼ਾਪੋਵਾਲੋਵ ਦੀ ਜੋੜੀ ਬਾਹਰ

ਮਾਂਟਰੀਅਲ (ਏਐੱਫਪੀ) : ਭਾਰਤ ਦੇ ਰੋਹਨ ਬੋਪੰਨਾ ਤੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਇੱਥੇ ਮਰਦ ਡਬਲਜ਼ ਸੈਮੀਫਾਈਨਲ ਵਿਚ ਸਿੱਧੇ ਸੈੱਟਾਂ ਵਿਚ ਹਾਰ ਨਾਲ ਏਟੀਪੀ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਬੋਪੰਨਾ ਤੇ ਸ਼ਾਪੋਵਾਲੋਵ ਦੀ ਗ਼ੈਰ ਦਜਾ ਜੋੜੀ ਨੂੰ ਸਖ਼ਤ ਮੁਕਾਬਲੇ ਵਿਚ ਰਾਬਿਨ ਹਾਸ ਤੇ ਵੇਸਲੇ ਕੁਲਹੋਫ ਦੀ ਨੀਦਰਲੈਂਡ ਦੀ ਜੋੜੀ ਖ਼ਿਲਾਫ਼ 6-7, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਸ ਤੇ ਕੁਲਹੋਫ ਦਾ ਸਾਹਮਣਾ ਫਾਈਨਲ ਵਿਚ ਸਪੇਨ ਦੇ ਮਾਰਸੇਲ ਗ੍ਰੇਨੋਲਜ਼ ਤੇ ਅਰਜਨਟੀਨਾ ਦੇ ਹੋਰਾਸੀਓ ਜੇਬਾਲੋਸ ਦੀ ਜੋੜੀ ਨਾਲ ਹੋਵੇਗਾ।