ਜਤਿੰਦਰ ਪੰਮੀ, ਜਲੰਧਰ: ਭਾਰਤੀ ਮਹਿਲਾ ਹਾਕੀ ਟੀਮਾਂ ’ਚ ਪੰਜਾਬ ਦੀਆਂ ਚਾਰ ਖਿਡਾਰਨਾਂ ਦੀ ਚੋਣ ਹੋਈ ਹੈ। ਇਨ੍ਹਾਂ ਵਿਚੋਂ 2 ਖਿਡਾਰਨਾਂ ਸੀਨੀਅਰ ਭਾਰਤੀ ਮਹਿਲਾ ਹਾਕੀ ਟੀਮ ਤੇ ਦੋ ਖਿਡਾਰਨਾਂ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ’ਚ ਚੁਣੀਆਂ ਗਈਆਂ ਹਨ।

ਇਸ ਸਬੰਧੀ ਜਣਕਾਰੀ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਅਰਜਨਟੀਨਾ ਦੇ ਦੌਰੇ ’ਤੇ ਜਾਣ ਵਾਲੀ ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ ’ਚ ਡਰੈਗ ਫਲਿੱਕਰ ਗੁਰਜੀਤ ਕੌਰ (ਡਿਫੈਂਡਰ) ਤੇ ਰਾਜਵਿੰਦਰ ਕੌਰ (ਫਾਰਵਰਡ) ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸੀਨੀਅਰ ਭਾਰਤੀ ਹਾਕੀ ਟੀਮ ਅਰਜਨਟੀਨਾ ’ਚ 17 ਤੋਂ 31 ਜਨਵਰੀ ਤੱਕ ਹੋਣ ਵਾਲੇ ਟੈਸਟ ਮੈਚਾਂ ਵਿਚ ਖੇਡੇਗੀ।

ਪ੍ਰਧਾਨ ਤੇ ਜਨਰਲ ਸਕੱਤਰ ਨੇ ਦੱਸਿਆ ਕਿ ਇਸੇ ਤਰ੍ਹਾਂ ਹਾਕੀ ਪੰਜਾਬ ਦੀਆਂ ਦੋ ਜੂਨੀਅਰ ਖਿਡਾਰਨਾਂ ਬਲਜੀਤ ਕੌਰ (ਫਾਰਵਰਡ) ਤੇ ਰਸ਼ਨਪ੍ਰੀਤ ਕੌਰ (ਗੋਲਕੀਪਰ) ਨੂੰ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ 17 ਤੋਂ 24 ਜਨਵਰੀ ਤੱਕ ਚਿੱਲੀ ’ਚ ਹੋਣ ਵਾਲੇ ਟੈਸਟ ਮੈਚ ਖੇਡੇਗੀ। ਉਨ੍ਹਾਂ ਦੱਸਿਆ ਕਿ ਹਾਕੀ ਪੰਜਾਬ ਵੱਲੋਂ ਪਹਿਲਾਂ ਪੁਰਸ਼ਾਂ ਦੇ ਵਰਗ ’ਚ ਭਾਰਤੀ ਹਾਕੀ ਟੀਮ ਨੂੰ ਵਧੀਆ ਖਿਡਾਰੀ ਦਿੱਤੇ ਹਨ ਅਤੇ ਹੁਣ ਭਾਰਤੀ ਮਹਿਲਾ ਹਾਕੀ ਟੀਮਾਂ ’ਚ ਪੰਜਾਬਣ ਖਿਡਾਰਨਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨਗੀਆਂ।

ਇਨ੍ਹਾਂ ’ਚੋਂ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਨਾਲ ਸਬੰਧਤ ਖਿਡਾਰਨਾਂ ਦੀ ਚੋਣ ’ਤੇ ਕਾਲਜ ਪਿ੍ੰਸੀਪਲ ਡਾ. ਨਵਜੋਤ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਿਡਾਰਨਾਂ ਨੂੰ ਇਸ ਉਪਲਬਧੀ ’ਤੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਥੇ ਪੜ੍ਹਨ ਤੇ ਸਿਖਲਾਈ ਲੈਣ ਵਾਲੀਆਂ ਵਿਦਿਆਰਥਣਾਂ ਦੀ ਭਾਰਤੀ ਹਾਕੀ ਟੀਮਾਂ ਲਈ ਚੋਣ ਹੋਈ ਹੈ।

Posted By: Jagjit Singh