ਬੈਂਗਲੁਰੂ (ਪੀਟੀਆਈ) : ਹਾਕੀ ਇੰਡੀਆ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ 25 ਖਿਡਾਰਨਾਂ ਦੀ ਚੋਣ ਕੀਤੀ ਹੈ ਜਿਸ ਵਿਚ ਟੋਕੀਓ ਓਲੰਪਿਕ ਵਿਚ ਇਤਿਹਾਸਕ ਚੌਥੇ ਸਥਾਨ 'ਤੇ ਰਹਿਣ ਵਾਲੀ ਰਾਸ਼ਟਰੀ ਟੀਮ ਦੀਆਂ ਮੈਂਬਰ ਵੀ ਸ਼ਾਮਲ ਹਨ।

ਹਾਕੀ ਇੰਡੀਆ ਮੁਤਾਬਕ ਕੋਰ ਗਰੁੱਪ 12 ਸਤੰਬਰ ਐਤਵਾਰ ਨੂੰ ਰਾਸ਼ਟਰੀ ਕੈਂਪ ਲਈ ਰਿਪੋਰਟ ਕਰੇਗਾ ਜਿਸ ਵਿਚ ਓਲੰਪਿਕ ਖੇਡ ਟੋਕੀਓ 2020 ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀਆਂ 16 ਖਿਡਾਰਨਾਂ ਸ਼ਾਮਲ ਹਨ ਤੇ ਇਹ 20 ਅਕਤੂਬਰ 2021 ਨੂੰ ਖ਼ਤਮ ਹੋਵੇਗਾ। ਇਨ੍ਹਾਂ 25 ਸੰਭਾਵਤ ਖਿਡਾਰਨਾਂ ਵਿਚ ਗਗਨਦੀਪ ਕੌਰ, ਮਾਰੀਆਨਾ ਕੁਜੁਰ, ਸੁਮਨ ਦੇਵੀ ਥੌਡਾਮ ਤੇ ਮਹਿਮਾ ਚੌਧਰੀ ਸ਼ਾਮਲ ਹਨ ਜਿਨ੍ਹਾਂ ਨੂੰ ਜੂਨੀਅਰ ਤੋਂ ਸੀਨੀਅਰ ਕੋਰ ਗਰੁੱਪ ਵਿਚ ਲਿਆਂਦਾ ਗਿਆ ਹੈ। ਤਜਰਬੇਕਾਰ ਖਿਡਾਰੀ ਲਿਲਿਮਾ ਮਿੰਜ, ਰਸ਼ਮਿਤਾ ਮਿੰਜ, ਜੋਤੀ ਰਾਜਵਿੰਦਰ ਕੌਰ ਤੇ ਮਨਪ੍ਰਰੀਤ ਕੌਰ ਨੂੰ ਵੀ ਕੈਂਪ ਲਈ ਬੁਲਾਇਆ ਗਿਆ ਹੈ। ਸਲੀਮਾ ਟੇਟੇ, ਲਾਲਰੇਮਸਿਆਮੀ ਤੇ ਸ਼ਰਮਿਲਾ ਓਲੰਪਿਕ ਟੀਮ ਦਾ ਹਿੱਸਾ ਸਨ ਉਹ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਵਿਚ ਉਸੇ ਕੰਪਲੈਕਸ ਵਿਚ ਰਾਸ਼ਟਰੀ ਕੋਚਿੰਗ ਕੈਂਪ ਨਾਲ ਜੁੜਨਗੀਆਂ।

ਜੂਨੀਅਰ ਕੋਰ ਗਰੁੱਪ ਇਸ ਸਮੇਂ ਸਭ ਤੋਂ ਮਹੱਤਵਪੂਰਨ ਚੈਂਪੀਅਨਸ਼ਿਪ ਐੱਫਆਈਐੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਰੁੱਝਾ ਹੈ ਜੋ ਇਸ ਸਾਲ ਦੇ ਅੰਤ ਵਿਚ ਦੱਖਣੀ ਅਫਰੀਕਾ ਵਿਚ ਕਰਵਾਇਆ ਜਾਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰਾ ਨਿੰਗੋਂਬਾਮ ਨੇ ਕਿਹਾ ਕਿ ਖਿਡਾਰੀਆਂ ਲਈ ਟੋਕੀਓ ਵਿਚ ਮੁਹਿੰਮ ਨਿਰਾਸ਼ਾਜਨਕ ਤਰੀਕੇ ਨਾਲ ਖ਼ਤਮ ਹੋਈ ਕਿਉਂਕਿ ਉਹ ਮੈਡਲ ਦੇ ਇੰਨੇ ਨੇੜੇ ਹੁੰਦੇ ਹੋਏ ਵੀ ਦੂਰ ਸਨ ਪਰ ਖਿਡਾਰੀਆਂ ਨੂੰ ਪਿਛਲੇ ਕੁਝ ਹਫ਼ਤਿਆਂ ਵਿਚ ਜੋ ਪਿਆਰ ਤੇ ਸਮਰਥਨ ਮਿਲਿਆ ਹੈ, ਉਹ ਸ਼ਾਨਦਾਰ ਹੈ ਤੇ ਇਸ ਨਾਲ ਉਹ ਬਿਹਤਰ ਪ੍ਰਦਸ਼ਨ ਕਰਨ ਲਈ ਉਤਸ਼ਾਹਤ ਹੋਈਆਂ ਹਨ।

ਸ਼ਾਮਲ ਕੀਤੀਆਂ ਖਿਡਾਰਨਾਂ :

ਸਵਿਤਾ, ਰਜਨੀ ਇਤਿਮਾਰਪੂ, ਦੀਪ ਗ੍ਰੇਸ ਏੱਕਾ, ਰੀਨਾ ਖੋਖਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਨਿਸ਼ਾ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਪੁਖਰਾਂਬਾਮ, ਨਮਿਤਾ ਟੋਪੋ, ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਉਦਿਤਾ, ਰਸ਼ਮਿਤਾ ਮਿੰਜ, ਜੋਤੀ, ਗਗਨਦੀਪ ਕੌਰ, ਮਾਰੀਆਨਾ ਕੁਜੁਰ, ਸੁਮਨ ਦੇਵੀ ਥੌਡਾਮ ਤੇ ਮਹਿਮਾ ਚੌਧਰੀ।