ਨਵੀਂ ਦਿੱਲੀ (ਜੇਐੱਨਐੱਨ) : ਖੇਡ ਮੰਤਰਾਲੇ ਨੇ ਕੌਮੀ ਖੇਡ ਪੁਰਸਕਾਰ 2020 ਲਈ ਸ਼ੁੱਕਰਵਾਰ ਨੂੰ ਚੋਣ ਕਮੇਟੀ ਦਾ ਐਲਾਨ ਕੀਤਾ ਜਿਸ ਵਿਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮੰਤਰਾਲੇ ਮੁਤਾਬਕ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਮੁਕੁੰਦਮ ਸ਼ਰਮਾ ਕਮੇਟੀ ਦੇ ਪ੍ਰਧਾਨ ਹੋਣਗੇ। ਕਮੇਟੀ ਦੇ ਮੈਂਬਰਾਂ ਵਿਚ ਸਹਿਵਾਗ (ਕ੍ਰਿਕਟ), ਸਰਦਾਰ ਸਿੰਘ (ਹਾਕੀ), ਮੋਨਾਲਿਸਾ ਬਰੂਆ ਮਹਿਤਾ (ਟੇਬਲ ਟੈਨਿਸ), ਦੀਪਾ ਮਲਿਕ (ਪੈਰਾ ਐਥਲੈਟਿਕਸ) ਤੇ ਵੈਂਕਟੇਸ਼ਨ ਦੇਵਰਾਜਨ (ਮੁੱਕੇਬਾਜ਼ੀ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਸ਼ਹੂਰ ਖੇਡ ਕੁਮੈਂਟੇਟਰ ਮਨੀਸ਼ ਬਟਾਵੀਆ, ਖੇਡ ਪੱਤਰਕਾਰ ਆਲੋਕ ਸਿਨਹਾ ਤੇ ਨੀਰੂ ਭਾਟੀਆ ਵੀ ਕਮੇਟੀ ਵਿਚ ਹੋਣਗੇ। ਖੇਡ ਮੰਤਰਾਲੇ ਤੋਂ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ, ਖੇਡ ਵਿਭਾਗ ਦੇ ਸੰਯੁਕਤ ਸਕੱਤਰ ਐੱਲਐੱਸ ਸਿੰਘ ਤੇ ਟਾਰਗੈਟ ਓਲੰਪਿਕ ਪੋਡੀਅਮ (ਟਾਪਸ) ਯੋਜਨਾ ਦੇ ਸੀਈਓ ਰਾਜੇਸ਼ ਰਾਜਾਗੋਪਾਲਨ ਕਮੇਟੀ ਵਿਚ ਹੋਣਗੇ। ਦਰੋਣਾਚਾਰਿਆ ਪੁਰਸਕਾਰ ਲਈ ਪ੍ਰਧਾਨ ਦੋ ਵਾਧੂ ਮੈਂਬਰਾਂ ਨੂੰ ਸ਼ਾਮਲ ਕਰ ਸਕਦਾ ਹੈ ਜੋ ਦਰੋਣਾਚਾਰਿਆ ਪੁਰਸਕਾਰ ਨਾਲ ਸਨਮਾਨਿਤ ਰਹਿ ਚੁੱਕੇ ਹੋਣ। ਇਹ ਕਮੇਟੀ ਰਾਜੀਵ ਗਾਂਧੀ ਖੇਲ ਰਤਨ, ਦਰੋਣਾਚਾਰਿਆ ਪੁਰਸਕਾਰ, ਅਰਜੁਨ ਪੁਰਸਕਾਰ, ਧਿਆਨ ਚੰਦ ਪੁਰਸਕਾਰ, ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਦੇ ਜੇਤੂਆਂ ਦੀ ਚੋਣ ਕਰੇਗੀ। ਇਹ ਪੁਰਸਕਾਰ 29 ਅਗਸਤ ਨੂੰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਖੇਡ ਦਿਵਸ ਦੇ ਮੌਕੇ ਦਿੱਤੇ ਜਾਂਦੇ ਹਨ।

Posted By: Susheel Khanna