ਨਵੀਂ ਦਿੱਲੀ, ਜੇਐਨਐਨ : ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਐਡਿਸ਼ਨ ਭਾਰਤ ਵਿਖੇ ਕਰਵਾਇਆ ਜਾ ਰਿਹਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਫੈਲਣ ਕਾਰਨ ਟੂਰਨਾਮੈਂਟ ਨੂੰ ਯੂਈ ’ਚ ਕਰਵਾਇਆ ਗਿਆ ਸੀ। ਇਸ ਸਾਲ ਭਾਰਤੀ ਕ੍ਰਿਕੇਟ ਕੰਟਰੋਲ ਦੇ ਸਾਹਮਣੇ ਕੋਰੋਨਾ ਕਾਲ ’ਚ ਇਸ ਨਵੇਂ ਸੀਜ਼ਨ ਦਾ ਪ੍ਰਬੰਧ ਇਕ ਵੱਡੀ ਚੁਣੌਤੀ ਹੈ। ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਦੇ ਸਪੋਰਟ ਸਟਾਫ ਦੇ ਮੁੱਖ ਮੈਂਬਰ ਸਾਬਕਾ ਵਿਕਟਕੀਪਰ ਕਿਰਨ ਮੋਰੇ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ।


ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਮੁੰਬਈ ਇੰਡੀਅਨਜ਼ ਇਸ ਸਾਲ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ’ਚ ਰਾਇਲ ਚੈਲੇਂਜਰਜ਼ ਬੰਗਲੋਰ ਦੀ ਟੀਮ ਦੇ ਖਿਲਾਫ਼ ਖੇਡੇਗੀ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਲਈ ਪ੍ਰੇਸ਼ਾਨੀ ਵਾਲੀ ਖ਼ਬਰ ਆਈ ਹੈ। ਮੰਗਲਵਾਰ ਨੂੰ ਟੀਮ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਪੋਰਟ ਸਟਾਫ਼ ਦੇ ਤੌਰ ’ਤੇ ਟੀਮ ਨਾਲ ਜੁੜੇ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਕਿਰਨ ਮੋਰੇ ਕੋਰੋਨਾ ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ।


ਇਸ ਤੋਂ ਪਹਿਲਾਂ ਤਿੰਨ ਖਿਡਾਰੀ ਤੇ ਮੁੰਬਈ ਦੇ ਵਾਨਖੇਡੇ ਸਟੇਡੀਅਮ ਤੋਂ ਗਰਾਉਂਡਮੈਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। ਦਿੱਲੀ ਕੈਪਿਟਲਜ਼ ਦੇ ਆਲਰਾਉਂਡਰ ਅਕਸ਼ਰ ਪਟੇਲ ਤੇ ਕੋਲਕਾਤਾ ਨਾਈਟਰਾਈਡਰਜ਼ ਦੇ ਨਿਤੀਸ਼ ਰਾਣਾ ਨੂੰ ਵੀ ਕੋਰੋਨਾ ਟੈਸਟ ’ਚ ਪਾਜ਼ੇਟਿਵ ਪਾਇਆ ਗਿਆ ਸੀ। ਇਸਦੇ ਇਲਾਵਾ ਆਰਸੀਬੀ ਦੇ ਓਪਨਰ ਦੇਵਦੱਤ ਪਡਿਕੱਲ ਨੂੰ ਵੀ ਕੋਰੋਨਾ ਇਨਫੈਕਟਿਡ ਪਾਇਆ ਗਿਆ ਹੈ।

Posted By: Sunil Thapa