ਬੈਂਕਾਕ (ਪੀਟੀਆਈ) : ਭਾਰਤ ਦੇ ਸਮੀਰ ਵਰਮਾ ਨੇ ਵੀਰਵਾਰ ਨੂੰ ਇੱਥੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ ਹਰਾ ਕੇ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਵਿਸ਼ਵ ਵਿਚ 31ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਗੇਮਕੇ ਨੂੰ ਸਿਰਫ਼ 39 ਮਿੰਟ ਵਿਚ 21-12, 21-9 ਨਾਲ ਹਰਾਇਆ। ਸਮੀਰ ਦੀ ਵਿਸ਼ਵ ਵਿਚ 17ਵੇਂ ਨੰਬਰ ਦੇ ਗੇਮਕੇ ਦੇ ਖ਼ਿਲਾਫ਼ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਦੋ ਮੁਕਾਬਲੇ ਖੇਡੇ ਗਏ ਸਨ, ਉਨ੍ਹਾਂ ਵਿਚ ਭਾਰਤੀ ਖਿਡਾਰੀ ਨੇ ਜਿੱਤ ਦਰਜ ਕੀਤੀ ਸੀ। ਸਮੀਰ ਦਾ ਅਗਲਾ ਮੁਕਾਬਲਾ ਡੈਨਮਾਰਕ ਦੇ ਹੀ ਤੀਜਾ ਦਰਜਾ ਹਾਸਲ ਆਂਦਰੇਸ ਏਂਟੋਨਸੇਨ ਨਾਲ ਹੋਵੇਗਾ ਜਿਨ੍ਹਾਂ ਨੂੰ ਵਾਕਓਵਰ ਮਿਲਿਆ। ਸਮੀਰ ਨੇ ਕਿਹਾ ਕਿ ਮੈਂ ਜਿੱਤ ਦਾ ਯਕੀਨ ਰੱਖਦਾ ਸੀ। ਮੈਂ ਚੰਗੀ ਤਿਆਰੀ ਨਾਲ ਆਇਆ ਸੀ। ਅਗਲਾ ਮੁਕਾਬਲਾ ਡੈਨਮਾਰਕ ਦੇ ਆਂਦਰੇਸ ਏਂਟੋਨਸੇਨ ਨਾਲ ਹੋਵੇਗਾ। ਮੈਂ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਦੇਖਦੇ ਹਾਂ ਕਿ ਕੀ ਹੁੰਦਾ ਹੈ। ਇਹ ਸਖ਼ਤ ਮੁਕਾਬਲਾ ਹੋਵੇਗਾ ਪਰ ਮੈਂ ਆਪਣੀ ਸਰਬੋਤਮ ਖੇਡ ਦਿਖਾਵਾਂਗਾ। ਇਸ ਵਿਚਾਲੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਵੀ ਜਰਮਨੀ ਦੇ ਮਾਰਕ ਲੈਂਫਸ ਤੇ ਇਸਾਬੇਲ ਹੈਟਿ੍ਚ ਨੂੰ 22-20, 14-21, 21-16 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪੁੱਜ ਗਈ।

ਦੂਜਾ ਅੜਿੱਕਾ ਪਾਰ ਨਾ ਕਰ ਸਕੇ ਪ੍ਰਣਯ :

ਐੱਚਐੱਸ ਪ੍ਰਣਯ ਮਰਦ ਸਿੰਗਲਜ਼ ਵਿਚ ਦੂਜਾ ਅੜਿੱਕਾ ਪਾਰ ਕਰਨ ਵਿਚ ਨਾਕਾਮ ਰਹੇ। ਏਸ਼ੀਅਨ ਖੇਡਾਂ ਦੇ ਚੈਂਪੀਅਨ ਜੋਨਾਥਨ ਕ੍ਰਿਸਟੀ ਨੂੰ ਹਰਾਉਣ ਤੋਂ ਇਕ ਦਿਨ ਬਾਅਦ ਉਹ ਮਲੇਸ਼ੀਆ ਦੇ ਡੇਰੇਨ ਲਿਊ ਹੱਥੋਂ 17-21, 18-21 ਨਾਲ ਹਾਰ ਗਏ।