ਫੁਝੋਊ (ਪੀਟੀਆਈ) : ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ਼ ਸ਼ੈੱਟੀ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਚੀਨ ਦੇ ਲੀ ਜੁਨ ਹੁਈ ਤੇ ਲੂਯੂ ਯੂ ਚੇਨ ਨੂੰ ਹਰਾ ਕੇ ਚਾਈਨਾ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਗ਼ੈਰ ਦਰਜਾ ਭਾਰਤੀ ਜੋੜੀ ਨੇ ਚੀਨ ਦੀ ਜੋੜੀ ਨੂੰ 43 ਮਿੰਟ ਚੱਲੇ ਮਰਦ ਡਬਲਜ਼ ਕੁਆਰਟਰ ਫਾਈਨਲ ਵਿਚ 21-19, 21-15 ਨਾਲ ਮਾਤ ਦਿੱਤੀ। ਹੁਣ ਇਸ ਜੋੜੀ ਦਾ ਸਾਹਮਣਾ ਸ਼ਨਿਚਰਵਾਰ ਨੂੰ ਚੋਟੀ ਦਾ ਦਰਜਾ ਹਾਸਲ ਇੰਡੋਨੇਸ਼ੀਆ ਦੇ ਮਾਰਕਸ ਫੇਰਨਾਲਡੀ ਗਿਡੀਓਨ ਤੇ ਕੇਵਿਨ ਸੰਜੇ ਸੁਕਾਮੁਲਜੋ ਦੀ ਜੋੜੀ ਨਾਲ ਹੋਵੇਗਾ। ਵਿਸ਼ਵ ਵਿਚ ਨੌਵੇਂ ਸਥਾਨ 'ਤੇ ਕਾਬਜ ਇਹ ਭਾਰਤੀ ਜੋੜੀ ਪਿਛਲੇ ਮਹੀਨੇ ਫਰੈਂਚ ਓਪਨ ਦੇ ਫਾਈਨਲ ਵਿਚ ਹਾਰ ਗਈ ਸੀ। ਕੁਆਰਟਰ ਫਾਈਨਲ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਆਖ਼ਰ ਵਿਚ ਸਾਤਵਿਕ-ਚਿਰਾਗ਼ ਦੀ ਜੋੜੀ ਚੀਨੀ ਜੋੜੀ ਨੂੰ ਹਰਾਉਣ ਵਿਚ ਕਾਮਯਾਬ ਰਹੀ। ਭਾਰਤੀ ਜੋੜੀ ਨੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ ਜਦਕਿ ਦੂਜੀ ਗੇਮ 'ਚ ਭਾਰਤੀ ਤੇ ਚੀਨੀ ਜੋੜੀਆਂ ਇਕ ਸਮੇਂ 15-15 ਨਾਲ ਬਰਾਬਰੀ 'ਤੇ ਪੁੱਜ ਗਈਆਂ ਸਨ ਪਰ ਵਿਰੋਧੀ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾਉਂਦੇ ਹੋਏ ਭਾਰਤੀ ਜੋੜੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ।